ਨਵੀਂ ਦਿੱਲੀ:
ਭਾਰਤ ਦੇ ਪੈਰਾਓਲੰਪੀਅਨ ਦੇਵੇਂਦਰ ਝਾਜੜੀਆ ਨੇ ਕੌਮੀ ਚੋਣ ਟਰਾਇਲ ਵਿਚ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ ਟੋਕੀਓ ਪੈਰਾਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਪੈਰਾਲੰਪਿਕ ਖੇਡਾਂ ਵਿਚ ਪੁਰਸ਼ਾਂ ਦੇ ਐਫ-46 ਵਰਗ ਵਿਚ ਦੋ ਸੋਨ ਤਗਮੇ ਜਿੱਤਣ ਵਾਲੇ 40 ਸਾਲਾ ਦੇਵੇਂਦਰ ਨੇ 65.71 ਮੀਟਰ ਜੈਵਲਿਨ ਥਰੋਅ ਸੁੱਟ ਕੇ ਆਪਣਾ ਰਿਕਾਰਡ ਸੁਧਾਰਿਆ। ਉਸ ਨੇ ਇਹ ਰਿਕਾਰਡ ਰੀਓ ਪੈਰਾਲੰਪਿਕ ਵਿਚ ਸਾਲ 2016 ਦੌਰਾਨ ਬਣਾਇਆ ਸੀ। ਦੇਵੇਂਦਰ ਨੇ ਅੱਜ ਟਵੀਟ ਕਰ ਕੇ ਦੱਸਿਆ ਕਿ ਉਸ ਨੇ 63.97 ਮੀਟਰ ਦੇ ਆਪਣੇ ਰਿਕਾਰਡ ਨੂੰ ਤੋੜ ਕੇ ਹੁਣ 65.71 ਮੀਟਰ ਦਾ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ ਇਸ ਦਾ ਸਿਹਰਾ ਆਪਣੇ ਪਰਿਵਾਰ, ਕੋਚ ਸੁਨੀਲ ਤੰਵਰ ਤੇ ਫਿਟਨੈਸ ਟਰੇਨਰ ਲਕਸ਼ੈ ਬੱਤਰਾ ਨੂੰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਟੋਕੀਓ ਪੈਰਾਲੰਪਿਕ 24 ਅਗਸਤ ਤੋਂ ਸ਼ੁਰੂ ਹੋ ਰਹੇ ਹਨ। ਦੇਵੇਂਦਰ ਇਸ ਵਾਰ ਤੀਜੇ ਪੈਰਾਲੰਪਿਕ ਵਿਚ ਹਿੱਸਾ ਲੈ ਰਿਹਾ ਹੈ। ਇਸ ਤੋਂ ਇਲਾਵਾ ਏਸ਼ਿਆਈ ਪੈਰਾ ਖੇਡਾਂ ਦੇ ਸੋਨ ਤਗਮਾ ਜੇਤੂ ਡਿਸਕਸ ਥਰੋਅਰ ਅਮਿਤ ਕੁਮਾਰ ਸਰੋਹਾ ਤੇ ਸੰਦੀਪ ਚੌਧਰੀ ਨੇ ਕਰੋਨਾ ਤੋਂ ਠੀਕ ਹੋ ਕੇ ਟੋਕੀਓ ਪੈਰਾਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।
-ਪੀਟੀਆਈ