ਓਡੈਂਸੇ: ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਨੇ ਡੈਨਮਾਰਕ ਓਪਨ ਵਿਸ਼ਵ ਟੂਰ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਵਿੱਚ ਤੁਰਕੀ ਦੀ ਨੇਸਲਿਹਾਨ ਯਿਜਿਟ ਖ਼ਿਲਾਫ਼ ਜਿੱਤ ਨਾਲ ਆਗਾਜ਼ ਕੀਤਾ। ਕਿਦਾਂਬੀ ਸ੍ਰੀਕਾਂਤ ਅਤੇ ਸਮੀਰ ਵਰਮਾ ਨੇ ਵੀ ਟੂਰਨਾਮੈਂਟ ਵਿੱਚ ਆਪਣਾ ਸਫ਼ਰ ਜਿੱਤ ਨਾਲ ਸ਼ੁਰੂ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੇ ਮਹਿਲਾ ਸਿੰਗਲਜ਼ ਵਿੱਚ 21-12, 21-10 ਨਾਲ ਜਿੱਤ ਦਰਜ ਕੀਤੀ। ਸਾਬਕਾ ਚੈਂਪੀਅਨ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿੱਚ ਹਮਵਤਨ ਬੀ ਸਾਈ ਪ੍ਰਣੀਤ ਨੂੰ 30 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-14, 21-11 ਨਾਲ ਹਰਾਇਆ। ਸਮੀਰ ਵਰਮਾ ਨੇ ਥਾਈਲੈਂਡ ਦੇ ਕੁਨਲਾਵਤ ਵਿਦਿਤਸਰਨ ਨੂੰ 21-17, 21-14 ਨਾਲ ਸ਼ਿਕਸਤ ਦਿੱਤੀ। ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਦਾ ਸਾਹਮਣਾ ਦੂਜੇ ਗੇੜ ਵਿੱਚ ਚੋਟੀ ਦੇ ਜਾਪਾਨੀ ਖਿਡਾਰੀ ਕੈਂਤੋ ਮੋਮੋਤਾ ਅਤੇ ਸਮੀਰ ਦਾ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਨਾਲ ਹੋ ਸਕਦਾ ਹੈ। ਪੁਰਸ਼ ਡਬਲਜ਼ ਵਿੱਚ ਮਨੂ ਅਤਰੀ ਅਤੇ ਬੀ ਸੁਮੀਤ ਰੈੱਡੀ ਦੀ ਜੋੜੀ ਮਲੇਸ਼ੀਆ ਦੇ ਗੋ ਜੇ ਫੀ ਅਤੇ ਨੂਰ ਇਜ਼ੁਦੀਨ ਤੋਂ 21-18, 21-11 ਨਾਲ ਹਾਰ ਗਈ। -ਪੀਟੀਆਈ