ਦੁਬਈ: ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਸਮੇਤ ਸਾਬਕਾ ਅਤੇ ਮੌਜੂਦਾ ਭਾਰਤੀ ਖਿਡਾਰੀਆਂ ਨੇ ਅੱਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਸਮਰਥਨ ਕੀਤਾ। ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਦਸ ਵਿਕਟਾਂ ਨਾਲ ਹਾਰ ਗਈ ਸੀ, ਜੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਸ ਦੀ ਪਹਿਲੀ ਹਾਰ ਸੀ। ਮੈਚ ਦੌਰਾਨ ਸ਼ਮੀ ਨੇ ਸਭ ਤੋਂ ਵੱਧ 3.5 ਓਵਰਾਂ ਵਿੱਚ 43 ਦੌੜਾਂ ਦਿੱਤੀਆਂ ਸਨ। ਤੇਂਦੁਲਕਰ ਨੇ ਟਵੀਟ ਕੀਤਾ, ‘‘ਜਦੋਂ ਅਸੀਂ ਟੀਮ ਇੰਡੀਆ ਦਾ ਸਮਰਥਨ ਕਰਦੇ ਹਾਂ ਤਾਂ ਅਸੀਂ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਹਰੇਕ ਵਿਅਕਤੀ ਦਾ ਸਮਰਥਨ ਕਰਦੇ ਹਾਂ। ਮੁਹੰਮਦ ਸ਼ਮੀ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਉਸ ਲਈ ਦਿਨ ਚੰਗਾ ਨਹੀਂ ਰਿਹਾ। ਅਜਿਹਾ ਕਿਸੇ ਵੀ ਖਿਡਾਰੀ ਨਾਲ ਹੋ ਸਕਦਾ ਹੈ। ਮੈਂ ਸ਼ਮੀ ਅਤੇ ਟੀਮ ਇੰਡੀਆ ਦੇ ਨਾਲ ਹਾਂ।’’ ਸਾਬਕਾ ਭਾਰਤੀ ਸਪਿੰਨਰ ਹਰਭਜਨ ਸਿੰਘ ਅਤੇ ਮੌਜੂਦਾ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਵੀ ਸ਼ਮੀ ਦਾ ਸਮਰਥਨ ਕੀਤਾ।
ਰਾਹੁਲ ਗਾਂਧੀ ਵੱਲੋਂ ਸ਼ਮੀ ਦਾ ਸਮਰਥਨ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਹੱਥੋਂ ਹਾਰ ਮਗਰੋਂ ਆਨਲਾਈਨ ਨਿਸ਼ਾਨਾ ਬਣਾਏ ਗਏ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਬਚਾਅ ਵਿੱਚ ਆਏ। ਉਨ੍ਹਾਂ ਨੇ ਸ਼ਮੀ ਨੂੰ ਅਜਿਹੇ ਲੋਕਾਂ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਲੋਕ ਨਫ਼ਰਤ ਨਾਲ ਇਸ ਲਈ ਭਰੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ। -ਪੀਟੀਆਈ