ਲਖਨਊ: ਪਹਿਲੇ ਮੈਚ ਵਿੱਚ ਕਰਾਰੀ ਹਾਰ ਝੱਲਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਅੱਜ ਇੱਥੇ ਹੋਣ ਵਾਲੇ ਦੂਸਰੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਲੈਅ ਹਾਸਲ ਕਰਕੇ ਪੰਜ ਮੈਚਾਂ ਦੀ ਲੜੀ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ 12 ਮਹੀਨਿਆਂ ਵਿੱਚ ਇਹ ਪਹਿਲੀ ਲੜੀ ਖੇਡ ਰਹੀ ਹੈ ਅਤੇ ਲੰਮਾ ਸਮਾਂ ਬਾਹਰ ਰਹਿਣ ਦਾ ਅਸਰ ਟੀਮ ’ਤੇ ਸਾਫ ਝਲਕ ਰਿਹਾ ਹੈ। ਮੈਚ ਮਗਰੋਂ ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਨਿਆ ਕਿ ਖਿਡਾਰਨਾਂ ਨੂੰ ਆਪਸ ਵਿੱਚ ਘੁਲਣ-ਮਿਲਣ ਲਈ ਥੋੜਾ ਸਮਾਂ ਚਾਹੀਦਾ ਹੈ। ਹਰਮਨਪ੍ਰੀਤ, ਮਿਤਾਲੀ ਰਾਜ ਅਤੇ ਕੁਝ ਹੱਦ ਤਕ ਦੀਪਤੀ ਸ਼ਰਮਾ ਨੂੰ ਛੱਡ ਕੇ ਕਿਸੇ ਵੀ ਬੱਲੇਬਾਜ਼ ਨੇ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਇਸ ਕਰਕੇ ਦੂਸਰੇ ਮੈਚ ਵਿੱਚ ਕੁਝ ਨਵੇਂ ਖਿਡਾਰੀਆਂ ਨੂੰ ਖਿਡਾਇਆ ਜਾ ਸਕਦਾ ਹੈ। -ਪੀਟੀਆਈ