ਨਵੀਂ ਦਿੱਲੀ, 23 ਜੂੁਨ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਚੇਤੇਸ਼ਵਰ ਪੁਜਾਰਾ ਨੂੰ ‘ਬਲੀ ਦਾ ਬੱਕਰਾ’ ਬਣਾਉਣ ਅਤੇ ਘਰੇਲੂ ਕ੍ਰਿਕਟ ‘ਚ ਦੌੜਾਂ ਦਾ ਅੰਬਾਰ ਲਾਉਣ ਵਾਲੇ ਸਰਫਰਾਜ਼ ਖ਼ਾਨ ਨੂੰ ਅਗਲੇ ਮਹੀਨੇ ਵੈਸਟ ਇੰਡੀਜ਼ ਵਿੱਚ ਦੋ ਟੈਸਟ ਮੈਚਾਂ ਦੀ ਲੜੀ ਵਾਸਤੇ ਟੀਮ ਲਈ ‘ਨਜ਼ਰਅੰਦਾਜ਼’ ਕਰਨ ‘ਤੇ ਕੌਮੀ ਚੋਣਕਾਰਾਂ ‘ਤੇ ਨਿਸ਼ਾਨਾ ਸੇਧਿਆ ਹੈ। ਸਰਫਰਾਜ਼ ਨੂੰ ਟੀਮ ‘ਚ ਸ਼ਾਮਲ ਨਾ ਕਰਨ ‘ਤੇ ਗਾਵਸਕਰ ਨੇ ਰਣਜੀ ਟਰਾਫੀ ਕਰਵਾਉਣ ‘ਤੇ ਹੀ ਸਵਾਲ ਉਠਾਉਂਦਿਆਂ ਕਿਹਾ ਕਿ ਟੈਸਟ ਟੀਮ ਦੀ ਚੋਣ ਦੇਸ਼ ਦੇ ਸਰਵਉੱਚ ਘਰੇਲੂ ਟੂਰਨਾਮੈਂਟ ਦੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰਕੇ ਆਈਪੀਐੱਲ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਸੁਨੀਲ ਗਾਵਸਕਰ ਨੇ ਕਿਹਾ, ”ਸਰਫਰਾਜ਼ ਖ਼ਾਨ ਪਿਛਲੇ ਤਿੰਨ ਸੀਜ਼ਨਾਂ ਤੋਂ 100 ਦੀ ਔਸਤ ਨਾਲ ਦੌੜਾਂ ਬਣਾ ਰਿਹਾ ਹੈ। ਉਸ ਨੂੰ ਟੀਮ ‘ਚ ਜਗ੍ਹਾ ਬਣਾਉਣ ਲਈ ਕੀ ਕਰਨਾ ਪਵੇਗਾ? ਹੋ ਸਕਦਾ ਹੈ ਕਿ ਉਸ ਨੂੰ ਆਖਰੀ ਗਿਆਰਾਂ ‘ਚ ਜਗ੍ਹਾ ਨਾ ਮਿਲਦੀ ਪਰ ਉਸ ਦੀ ਚੋਣ ਤਾਂ ਹੋਣੀ ਚਾਹੀਦੀ ਸੀ।” ਪੁਜਾਰਾ ਨੂੰ ਟੀਮ ਵਿੱਚੋਂ ਬਾਹਰ ਕੀਤੇ ਜਾਣ ‘ਤੇ ਗਾਵਸਕਰ ਨੇ ਕਿਹਾ ਕਿ, ”ਉਸ (ਪੁਜਾਰਾ) ਨੂੰ ਸਾਡੀ ਬੱਲੇਬਾਜ਼ੀ ਦੀ ਅਸਫਲਤਾ ਲਈ ‘ਬਲੀ ਦਾ ਬੱਕਰਾ’ ਕਿਉਂ ਬਣਾਇਆ ਗਿਆ। ਉਸ ਨੂੰ ਟੀਮ ‘ਚੋਂ ਬਾਹਰ ਕਰਨਾ ਸਮਝ ਤੋਂ ਬਾਹਰ ਹੈ।” ਉਨ੍ਹਾਂ ਆਖਿਆ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚ ਅਜਿੰਕਆ ਰਹਾਣੇ ਨੂੰ ਛੱਡ ਕੇ ਸਾਰੇ ਬੱਲੇਬਾਜ਼ ਫੇਲ੍ਹ ਹੋਏ ਸਨ ਪਰ ਸਿਰਫ ਇਕੱਲੇ ਪੁਜਾਰਾ ਨੂੰ ਹੀ ਟੀਮ ‘ਚੋਂ ਬਾਹਰ ਕਿਉਂ ਕੀਤਾ ਗਿਆ? -ਪੀਟੀਆਈ