ਮੈਲਬਰਨ: ਪੈਟ ਕਮਿਨਸ ਅਤੇ ਸਟੀਵ ਸਮਿਥ ਸਮੇਤ ਆਈਪੀਐੱਲ ’ਚ ਹਿੱਸਾ ਲੈਣ ਵਾਲੇ ਬਾਕੀ ਆਸਟਰੇਲਿਆਈ ਕ੍ਰਿਕਟਰ ਮਾਲਦੀਵਜ਼ ਵਿੱਚ ਕੁਝ ਦਿਨ ਰਹਿਣ ਮਗਰੋਂ ਅੱਜ ਸਿਡਨੀ ਪੁਹੰਚ ਗਏ ਹਨ। ਭਾਰਤ ਵਿੱਚ ਕਰੋਨਾ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਆਸਟਰੇਲੀਆ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਾ ਦਿੱਤੀ ਸੀ, ਜਿਸ ਕਾਰਨ ਆਈਪੀਐੱਲ ਮੁਲਤਵੀ ਹੋਣ ਤੋਂ ਲਗਪਗ ਦੋ ਹਫਤੇ ਬਾਅਦ ਆਸਟਰੇਲਿਆਈ ਕ੍ਰਿਕਟਰ ਅੱਜ ਆਪਣੇ ਦੇਸ਼ ਪਹੁੰਚ ਗਏ। ਇਨ੍ਹਾਂ ਵਿੱਚ ਖਿਡਾਰੀਆਂ ਤੇ ਅਧਿਕਾਰੀਆਂ ਸਮੇਤ ਕੁੱਲ 38 ਮੈਂਬਰ ਸ਼ਾਮਲ ਸਨ। ਹੁਣ ਉਨ੍ਹਾਂ ਨੂੰ ਸਿਡਨੀ ਵਿੱਚ ਦੋ ਹਫ਼ਤੇ ਇਕਾਂਤ ’ਚ ਰਹਿਣਾ ਪਵੇਗਾ। -ਪੀਟੀਆਈ