ਬਰਮਿੰਘਮ, 30 ਜੁਲਾਈ
ਰਾਸ਼ਟਰਮੰਡਲ ਖੇਡਾਂ ਵਿਚ ਇੱਥੇ ਭਾਰਤੀ ਦਲ ਲਈ ਵਾਪਰੀ ਇਕ ਸ਼ਰਮਨਾਕ ਘਟਨਾ ਵਿਚ ਵੇਟਲਿਫਟਿੰਗ ਟੀਮ ਦੇ ਮੈਨੇਜਰ ਪ੍ਰਦੀਪ ਸ਼ਰਮਾ ਦੀ ਕਥਿਤ ‘ਰੁੱਖੇ’ ਵਿਹਾਰ ਲਈ ਪ੍ਰਬੰਧਕਾਂ ਨੇ ਸ਼ਿਕਾਇਤ ਕੀਤੀ ਹੈ। ਬਰਮਿੰਘਮ ਖੇਡਾਂ ਵਿਚ ਰਾਸ਼ਟਰਮੰਡਲ ਖੇਡ ਸੰਘ ਦੀ ਮੈਨੇਜਰ ਜੀਨਾ ਡਾਸਨ ਨੇ ਸ਼ਰਮਾ ਦੇ ਵਰਤਾਅ ਬਾਰੇ ਭਾਰਤੀ ਦਲ ਨੂੰ ਲਿਖਿਆ ਹੈ। ਈਮੇਲ ਦਾ ਜਵਾਬ ਦਿੰਦਿਆਂ ਭਾਰਤੀ ਉਲੰਪਿਕ ਸੰਘ ਦੇ ਕਾਰਜਕਾਰੀ ਪ੍ਰਧਾਨ ਅਨਿਲ ਖੰਨਾ ਨੇ ਸ਼ਰਮਾ ਨੂੰ ਹੁਣ ਤੋਂ ‘ਲੋ-ਪ੍ਰੋਫਾਈਲ’ ਤੇ ਨਿਯਮਾਂ ਮੁਤਾਬਕ ਰਹਿਣ ਦਾ ਨਿਰਦੇਸ਼ ਦਿੱਤਾ। ਡਾਸਨ ਨੇ ਪੱਤਰ ਵਿਚ ਲਿਖਿਆ ਕਿ, ‘ਸਾਨੂੰ ਸੂਚਨਾ ਮਿਲੀ ਹੈ ਕਿ ਤੁਹਾਡੇ ਇਕ ਟੀਮ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਅੱਜ ਸਵੇਰੇ ਸਾਡੇ ਟੀ2 ਡਰਾਈਵਰਾਂ ਵਿਚੋਂ ਇਕ ਨਾਲ ਰੁੱਖਾ ਵਰਤਾਅ ਕੀਤਾ ਕਿਉਂਕਿ ਉਨ੍ਹਾਂ ਇਕ ਗੈਰ ਟੀ2 ਸਥਾਨ ਉਤੇ ਛੱਡੇ ਜਾਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਟੀਮ ਅਧਿਕਾਰੀਆਂ ਨੂੰ ਟੀ2 ਦੇ ਵਿਸ਼ੇਸ਼ ਅਧਿਕਾਰ ਨਹੀਂ ਹਨ ਤੇ ਉਹ ਆਪਣੇ ਸਥਾਨ ਤੋਂ ਇਲਾਵਾ ਹੋਰ ਖੇਡ ਪਿੰਡ ਜਾਣ ਲਈ ਆਪਣੀ ‘ਮਾਨਤਾ’ ਨਾਲ ਕੇਵਲ ਆਪਣੇ ਸੀਜੀਏ ਵਾਹਨ ਜਾਂ ਬੱਸ ਜਾਂ ਫਿਰ ਜਨਤਕ ਆਵਾਜਾਈ ਦਾ ਇਸਤੇਮਾਲ ਹੀ ਕਰ ਸਕਦੇ ਹਨ।’ ਖੰਨਾ ਨੇ ਤੁਰੰਤ ਭਾਰਤੀ ਵੇਟਲਿਫਟਿੰਗ ਟੀਮ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉੱਥੇ ਭਾਰਤ ਦੇ ਦੂਤ ਹਨ ਤੇ ਹੁਣ ਉਨ੍ਹਾਂ ਤੋਂ ਲੋ-ਪ੍ਰੋਫਾਈਲ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ। – ਪੀਟੀਆਈ