ਬਰਮਿੰਘਮ: ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਦੀ ਕੁਈਨਜ਼ ਬੈਟਨ ਰਿਲੇਅ 72 ਦੇਸ਼ਾਂ ਦੇ ਆਪਣੇ ਕੌਮਾਂਤਰੀ ਸਫ਼ਰ ਦੌਰਾਨ 12 ਤੋਂ 15 ਜਨਵਰੀ ਦੌਰਾਨ ਭਾਰਤ ਦੌਰੇ ’ਤੇ ਆਵੇਗੀ। ਪ੍ਰਬੰਧਕ ਕਮੇਟੀ ਨੇ ਅੱਜ ਇਹ ਜਾਣਕਾਰੀ ਦਿੱਤੀ। ਰਿਲੇਅ ਸੱਤ ਅਕਤੂਬਰ ਨੂੰ ਬਕਿੰਘਮ ਪੈਲੇਸ ਤੋਂ ਸ਼ੁਰੂ ਹੋਵੇਗੀ, ਜਿੱਥੇ ਮਹਾਰਾਣੀ ਅਲਿਜ਼ਾਬੈੱਥ ਦੂਜੀ ਰਾਸ਼ਟਰਮੰਡਲ ਨੂੰ ਆਪਣਾ ਸੁਨੇਹਾ ਬੈਟਨ ਰਾਹੀਂ ਦੇਵੇਗੀ। ਬੈਟਨ 269 ਦਿਨ ਦੇ ਸਫ਼ਰ ਦੌਰਾਨ ਹਰੇਕ ਦੇਸ਼ ਵਿੱਚ ਦੋ ਜਾਂ ਚਾਰ ਦਿਨ ਰਹਿ ਕੇ 1,40,000 ਕਿਲੋਮੀਟਰ ਦਾ ਸਫ਼ਰ ਕਰੇਗੀ। ਬਰਮਿੰਘਮ ਹਵਾਈ ਅੱਡੇ ਤੋਂ ਨਿਕਲ ਕੇ ਬੈਟਨ ਦਾ ਪਹਿਲਾ ਪੜਾਅ ਸਾਈਪ੍ਰਸ ਹੋਵੇਗਾ। ਇਸ ਮਗਰੋਂ ਮਾਲਟਾ, ਪਾਕਸਿਤਾਨ, ਮਾਲਦੀਵ, ਸ੍ਰੀਲੰਕਾ, ਬੰਗਲਾਦੇਸ਼ ਹੁੰਦੇ ਹੋਏ 12 ਤੋਂ 15 ਜਨਵਰੀ ਦੌਰਾਨ ਭਾਰਤ ਵਿੱਚ ਰਹੇਗੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਅੱਠ ਅਗਸਤ 2022 ਤੱਕ ਚੱਲਣਗੀਆਂ। ਇਸ ਵਿੱਚ 72 ਦੇਸ਼ਾਂ ਦੇ 4500 ਖਿਡਾਰੀ ਹਿੱਸਾ ਲੈਣਗੇ। -ਪੀਟੀਆਈ