ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਜਨਵਰੀ
ਇਟਲੀ ਦੀ ਰਾਜਧਾਨੀ ਰੋਮ ਵਿੱਚ 1960 ਦੀਆਂ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਕਰਨਲ ਜਸਵੰਤ ਸਿੰਘ ਗਿੱਲ ਦਾ ਮੁੰਬਈ ਵਿੱਚ ਦੇਹਾਂਤ ਹੋ ਗਿਆ, ਜਿਸ ਮਗਰੋਂ ਇਲਾਕੇ ਦੇ ਖੇਡ ਪ੍ਰੇਮੀਆਂ ਵਿੱਚ ਸੋਗ ਫੈਲ ਗਿਆ। ਪਿੰਡ ਸੁਧਾਰ ਦੇ ਜੰਮਪਲ ਕਰਨਲ ਜਸਵੰਤ ਸਿੰਘ ਦਾ ਜਨਮ 30 ਸਤੰਬਰ 1931 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਣ ਸਿੰਘ ਗਿੱਲ ਤੇ ਮਾਂ ਦਾ ਨਾਮ ਤੇਜ ਕੌਰ ਸੀ। ਗੁਰੂਸਰ ਸੁਧਾਰ ਦੀਆਂ ਸੰਸਾਰ ਪ੍ਰਸਿੱਧ ਗੁਰੂ ਹਰਗੋਬਿੰਦ ਵਿੱਦਿਅਕ ਸੰਸਥਾਵਾਂ ਦੇ ਬਾਨੀ ਸਰਦਾਰ ਸੱਦਾ ਸਿੰਘ ਗਿੱਲ ਦਾ ਪੋਤਰਾ ਕਰਨਲ ਜਸਵੰਤ ਸਿੰਘ ਗਿੱਲ ਭਾਰਤੀ ਹਾਕੀ ਟੀਮ ਵਿੱਚ ਸੈਂਟਰ ਫਾਰਵਰਡ ਵਜੋਂ ਲੰਮਾ ਸਮਾਂ ਆਪਣਾ ਜੌਹਰ ਦਿਖਾਉਂਦਾ ਰਿਹਾ ਹੈ। ਕਰਨਲ ਜਸਵੰਤ ਸਿੰਘ ਗਿੱਲ ਨੇ ਮੇਜਰ ਧਿਆਨ ਚੰਦ ਦੀ ਕਪਤਾਨੀ ਹੇਠ ਆਪਣੀ ਖੇਡ ਵਿੱਚ ਨਿਖਾਰ ਲਿਆਂਦਾ ਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ।
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਡਿਗਰੀ ਕਾਲਜ ਅਤੇ ਫਾਰਮੇਸੀ ਕਾਲਜ ਗੁਰੂਸਰ ਸੁਧਾਰ ਦੇ ਸਮੁੱਚੇ ਸਟਾਫ਼ ਨੇ ਅੱਜ ਸੰਸਥਾ ਦੇ ਸਾਬਕਾ ਵਿਦਿਆਰਥੀ ਹਾਕੀ ਓਲੰਪੀਅਨ ਕਰਨਲ ਜਸਵੰਤ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ੋਕ ਸਭਾ ਦੌਰਾਨ ਡਾ. ਸੋਹਣ ਸਿੰਘ ਨੇ ਕਰਨਲ ਜਸਵੰਤ ਸਿੰਘ ਗਿੱਲ ਦੇ ਜੀਵਨ ਬਾਰੇ ਸੰਖੇਪ ’ਚ ਜਾਣਕਾਰੀ ਸਾਂਝੀ ਕੀਤੀ। ਪ੍ਰਿੰਸੀਪਲ ਡਾ. ਪਰਗਟ ਸਿੰਘ, ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ, ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ. ਐੱਸ.ਐੱਸ ਥਿੰਦ, ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਦਿਓਲ ਨੇ ਕਿਹਾ ਕਿ ਕਰਨਲ ਜਸਵੰਤ ਸਿੰਘ ਜਿੱਥੇ ਵੱਡੇ ਕੱਦ ਦੇ ਕੌਮਾਂਤਰੀ ਖਿਡਾਰੀ ਸਨ, ਉੱਥੇ ਬੇਹੱਦ ਮਿਲਾਪੜੇ ਸੁਭਾਅ ਦੇ ਮਾਲਕ ਸਨ। ਗੁਰੂ ਹਰਗੋਬਿੰਦ ਵਿੱਦਿਅਕ ਸੰਸਥਾਵਾਂ ਨਾਲ ਉਨ੍ਹਾਂ ਦੀ ਲੰਬੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਾਲਜ ਨਾਲ ਬੇਹੱਦ ਗਹਿਰਾ ਰਿਸ਼ਤਾ ਰਿਹਾ ਹੈ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵੱਲੋਂ ਭੇਜੀਆਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਵੀ ਸਾਂਝੀਆਂ ਕੀਤੀਆਂ ਗਈਆਂ। ਗੁਰੂ ਹਰਗੋਬਿੰਦ ਸਪੋਰਟਸ ਕਲੱਬ ਵੱਲੋਂ ਵੀ ਕਲੱਬ ਦੇ ਸਰਪ੍ਰਸਤ ਕਰਨਲ ਜਸਵੰਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।