ਗੁਰਪ੍ਰੀਤ ਸਿੰਘ
ਘਨੌਰ, 28 ਨਵੰਬਰ
ਪਿੰਡ ਮੰਜੌਲੀ ਵਿੱਚ ਪੰਜਾਬ ਸੇਵਕ ਸਪੋਰਟਸ ਕਲੱਬ ਵੱਲੋਂ ਪਿੰਡ ਦੀ ਗਰਾਮ ਪੰਚਾਇਤ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 15ਵਾਂ ਛਿੰਜ ਮੇਲਾ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਕੀਤਾ। ਇਸ ਮੌਕੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਹਰਵਿੰਦਰ ਸਿੰਘ ਕਾਮੀਂ, ਜਗਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਛਿੰਜ ਮੇਲੇ ਦੌਰਾਨ ਇੱਕ-ਇੱਕ ਲੱਖ ਰੁਪਏ ਝੰਡੀ ਵਾਲੀਆਂ ਦੋ ਕੁਸ਼ਤੀਆਂ ਕਰਵਾਈਆਂ ਗਈਆਂ। ਜਿਨ੍ਹਾਂ ’ਚੋਂ ਇੱਕ ਝੰਡੀ ਵਾਲੀ ਕੁਸ਼ਤੀ ਪ੍ਰਿਤਪਾਲ ਸਿੰਘ ਫਗਵਾੜਾ ਨੇ ਗੌਰਵ ਮਾਛੀਵਾੜਾ ਨੂੰ ਚਿੱਤ ਕਰ ਕੇ ਜਿੱਤੀ। ਜਦੋਂ ਕਿ ਦੂਜੀ ਝੰਡੀ ਵਾਲੀ ਕੁਸ਼ਤੀ ਹਿਤੇਸ਼ ਕਾਲਾ ਦਿੱਲੀ ਅਤੇ ਰੋਜੀ ਕਪੂਰਥਲਾ ਵਿਚਕਾਰ ਬਰਾਬਰ ਰਹੀ। ਸਰਪੰਚ ਚਮਕੌਰ ਸਿੰਘ ਮੰਜੌਲੀ ਦੀ ਅਗਵਾਈ ਵਿੱਚ ਕਰਵਾਏ ਗਏ ਛਿੰਜ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ।