ਪੇਈਚਿੰਗ, 8 ਦਸੰਬਰ
ਚੀਨ ਨੇ ਆਸਟਰੇਲੀਆ ਵੱਲੋਂ 2022 ਦੀਆਂ ਪੇਈਚਿੰਗ ਓਲੰਪਿਕ ਖੇਡਾਂ ਦੇ ਬਾਈਕਾਟ ਦੇ ਅਮਰੀਕਾ ਦੇ ਰਣਨੀਤਕ ਫ਼ੈਸਲੇ ਨਾਲ ਇਕਜੁੱਟਤਾ ਦਿਖਾਉਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਸ ਵੱਲੋਂ ਆਸਟਰੇਲਿਆਈ ਅਧਿਕਾਰੀਆਂ ਨੂੰ ਬੁਲਾਉਣ ਦੀ ਕੋਈ ਯੋਜਨਾ ਨਹੀਂ ਬਣਾਈ ਗਈ ਅਤੇ ‘ਕਿਸੇ ਨੂੰ ਵੀ ਇਸ ਦੀ ਪ੍ਰਵਾਹ ਨਹੀਂ ਹੈ’ ਕਿ ਉਹ ਆਉਂਦੇ ਹਨ ਜਾਂ ਨਹੀਂ। ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਕੈਨਬਰਾ ਵਿੱਚ ਕਿਹਾ ਹੈ ਕਿ ਚੀਨ ਵਿੱਚ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਆਸਟਰੇਲੀਆ ਵੀ ਪੇਈਚਿੰਗ ਸਰਦ ਰੁੱਤ ਖੇਡਾਂ ਰਣਨੀਤਕ ਬਾਈਕਾਟ ’ਚ ਅਮਰੀਕਾ ਦੇ ਫ਼ੈਸਲੇ ਦਾ ਸਾਥ ਦੇਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਆਸਟਰੇਲਿਆਈ ਅਥਲੀਟ ਫਰਵਰੀ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣਗੇ। ਬਰਤਾਨੀਆ ਨੇ ਵੀ ਹੁਣ ਬਾਈਕਾਟ ਦਾ ਫ਼ੈਸਲਾ ਲਿਆ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਕਿਹਾ ਕਿ ਆਸਟਰੇਲੀਆ ਵੱਲੋਂ ਕੀਤੇ ਰਣਨੀਤਕ ਬਾਈਕਾਟ ਦੇ ਫ਼ੈਸਲੇ ਖ਼ਿਲਾਫ਼ ਚੀਨ ਰਣਨੀਤਕ ਰੋਸ ਦਰਜ ਕਰਵਾਏਗਾ। ਆਸਟਰੇਲੀਆ ਦੇ ਫ਼ੈਸਲੇ ’ਤੇ ਟਿੱਪਣੀ ਕਰਦਿਆਂ ਵਾਂਗ ਨੇ ਕਿਹਾ, ‘‘ਚੀਨ ਕਈ ਵਾਰ ਦੁਹਰਾ ਚੁੱਕਾ ਹੈ ਕਿ ਸਰਦ ਰੁੱਤ ਓਲੰਪਿਕਸ ਆਪਣਾ ਸਿਆਸੀ ਪ੍ਰਭਾਵ ਦਿਖਾਉਣ ਵਾਲਾ ਪਲੈਟਫਾਰਮ ਨਹੀਂ ਹੈ।’ ਉਨ੍ਹਾਂ ਕਿਹਾ, ‘ਚੀਨ ਨੇ ਕਦੇ ਵੀ ਆਸਟਰੇਲਿਆਈ ਅਧਿਕਾਰੀਆਂ ਨੂੰ ਬੁਲਾਉਣ ਦੀ ਯੋਜਨਾ ਨਹੀਂ ਬਣਾਈ। ਉਹ ਆਉਂਦੇ ਹਨ ਜਾਂ ਨਹੀਂ, ਕਿਸੇ ਨੂੰ ਵੀ ਇਸ ਦੀ ਪ੍ਰਵਾਹ ਨਹੀਂ ਹੈ।’’ ਉਨ੍ਹਾਂ ਨੇ ਸਿੱਧੇ ਤੌਰ ’ਤੇ ਅਮਰੀਕੀ ਫ਼ੈਸਲੇ ਦਾ ਹਵਾਲਾ ਦਿੱਤੇ ਬਿਨਾਂ ਕਿਹਾ, ‘‘ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਆਸਟਰੇਲਿਆਈ ਸਰਕਾਰ ਅੱਖਾਂ ਬੰਦ ਕਰਕੇ ਕੁਝ ਖਾਸ ਦੇਸ਼ਾਂ ਦੇ ਕਦਮਾਂ ’ਤੇ ਚੱਲ ਰਹੀ ਹੈ, ਜਿਹੜੇ ਸਹੀ ਅਤੇ ਗਲਤ ਬਾਰੇ ਨਹੀਂ ਦੱਸਦੇ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੀਨ ਇਸ ਦੀ ਨਿਖੇਧੀ ਅਤੇ ਇਸ ਨੂੰ ਖਾਰਜ ਕਰਦਾ ਹੈ ਅਤੇ ਉਸ ਨੇ ਆਸਟਰੇਲੀਆ ਕੋਲ ਇਸ ਦੀ ਸਖ਼ਤ ਪ੍ਰਤੀਕਿਰਿਆ ਦਰਜ ਕਰਵਾਈ ਹੈ। -ਪੀਟੀਆਈ