ਪੱਤਰ ਪ੍ਰੇਰਕ
ਚੰਡੀਗੜ੍ਹ, 17 ਅਕਤੂਬਰ
ਪਿੰਡ ਖੁੱਡਾ ਅਲੀਸ਼ੇਰ ’ਚ ਛਿੰਝ ਕਮੇਟੀ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਯੂਥ ਕਲੱਬ, ਪਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਬੀ.ਆਰ. ਅੰਬੇਡਕਰ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ। ਇਸ ਸਬੰਧੀ ਬਾਬਾ ਗੁਰਦਿਆਲ ਸਿੰਘ, ਜੱਸੀ ਪਹਿਲਵਾਨ, ਗੁਰਪ੍ਰੀਤ ਸਿੰਘ ਸੋਮਲ ਤੇ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਛਿੰਝ ਮੇਲੇ ਵਿੱਚ 125 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਛਿੰਝ ਦੀ ਕੁਮੈਂਟਰੀ ਮਹਿੰਦਰ ਸਿੰਘ ਅਤੇ ਮੰਚ ਤੋਂ ਗੁਰਪ੍ਰੀਤ ਸਿੰਘ ਨੇ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਪ੍ਰਦੀਪ ਜ਼ੀਰਕਪੁਰ ਅਤੇ ਗੁਰਮੀਤ ਦਿੱਲੀ ਵਿਚਕਾਰ ਹੋਈ ਜਿਸ ਵਿੱਚ ਪ੍ਰਦੀਪ ਜ਼ੀਰਕਪੁਰ ਨੇ ਗੁਰਮੀਤ ਦਿੱਲੀ ਨੂੰ ਚਿੱਤ ਕਰ ਕੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕਰ ਲਿਆ। ਜੱਸੀ ਖੁੱਡਾ ਅਲੀ ਸ਼ੇਰ ਨੇ ਹਰਪ੍ਰੀਤ ਚਮਕੌਰ ਸਾਹਿਬ ਨੂੰ, ਮੁਕੇਸ਼ ਭੋਗਪੁਰ ਨੇ ਇਬਰਾਹਿਮ ਬਾਬਾ ਫਲਾਹੀ ਨੂੰ, ਰਾਹੁਲ ਨਾਢਾ ਨੇ ਸੂਰਜ ਬਾਗਵਾਣੀਆਂ ਨੂੰ, ਪੱਪੂ ਪਲਸੌਰਾ ਨੇ ਸੋਨੂੰ ਲਾਡਪੁਰ ਨੂੰ, ਗੁਰਮੀਤ ਚਾਂਦੀਪੁਰ ਨੇ ਅਰਜੁਨ ਰੋਪੜ ਨੂੰ, ਗਾਮਾ ਚਮਕੌਰ ਸਾਹਿਬ ਨੇ ਅਰਸ਼ ਨੂੰ, ਗੁਰਮਿੰਦਰ ਗੱਗੜਵਾਲ ਨੇ ਰਾਜੂ ਅਕਬਰਪੁਰ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਇਲਾਵਾ ਜੀਤ ਢਿੱਲਵਾਂ ਤੇ ਜਸਵੀਰ ਪਰਸ, ਕੁਲਵੀਰ ਰਾਜਾ ਅਖਾੜਾ ਤੇ ਗਿੰਦਰ ਚਮਕੌਰ ਸਹਬਿ, ਰਘਵੀਰ ਚੰਡੀਗੜ੍ਹ ਤੇ ਜੱਗੂ ਕ੍ਰਮਵਾਰ ਬਰਾਬਰ ਰਹੇ। ਇਸ ਮੌਕੇ ਵੇਟ ਲਿਫਟਿੰਗ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਪਹਿਲਵਾਨ ਅਜੈ ਬਾਰਨ ਨੇ ਪ੍ਰਵੀਨ ਕੁਹਾਲੀ ਨੂੰ ਚਿੱਤ ਕੀਤਾ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਛਿੰਝ ਕਮੇਟੀ ਪਿੰਡ ਮਾਜਰਾ ਵੱਲੋਂ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 52ਵਾਂ ਵਿਸ਼ਾਲ ਕੁਸ਼ਤੀ ਦੰਗਲ ਬਾਬਾ ਨੌਗਜ਼ਾ ਪੀਰ ਦੇ ਸਾਲਾਨਾ ਮੇਲੇ ਮੌਕੇ ਕਰਵਾਇਆ ਗਿਆ। ਇਸ ਮੌਕੇ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਪ੍ਰਵੀਨ ਕੁਹਾਲੀ ਤੇ ਅਜੈ ਬਾਰਨ ਵਿਚਕਾਰ ਵੀਹ ਮਿੰਟ ਹੋਈ,ਪਰ ਨਤੀਜਾ ਨਾ ਨਿਕਲਿਆ,ਬਾਅਦ ਵਿੱਚ ਪੁਆਇੰਟ ਦੇ ਆਧਾਰ ਉਤੇ ਅਜੈ ਬਾਰਨ ਜੇਤੂ ਰਿਹਾ। ਇਸੇ ਮੌਕੇ ਪਿੰਡ ਪੱਲਣਪੁਰ ਵਾਸੀਆਂ ਵੱਲੋਂ ਕਰਵਾਈ ਦੂਜੀ ਝੰਡੀ ਵਿੱਚ ਪਹਿਲਵਾਨ ਹਰਵਿੰਦਰ ਡੂਮਛੇੜੀ ਨੇ ਓਮ ਪ੍ਰਕਾਸ਼ ਬਾਰਨ ਨੂੰ ਢਾਹ ਲਿਆ। ਤੀਜੀ ਝੰਡੀ ਵਿੱਚ ਅਮਰੀਕ ਪੜਛ ਤੇ ਲਵਪ੍ਰੀਤ ਸਮਰਾਲਾ ਬਰਾਬਰ ਰਹੇ। ਇਸੇ ਦੌਰਾਨ ਪਹਿਲਵਾਨ ਹੈਪੀ ਬਲਾੜੀ ਨੇ ਦਿਨੇਸ਼ ਕੰਸਾਲਾ ਨੂੰ,ਰਾਹੁਲ ਕੰਸਾਲਾ ਨੇ ਮਨੀ ਬਾਰਨ ਨੂੰ ਚਿੱਤ ਕੀਤਾ। ਇਸ ਮੌਕੇ ਮੁੱਖ ਮਹਿਮਾਨਾਂ ਵਿੱਚ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਐੱਸਜੀਪੀਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਸ਼ਾਮਲ ਸਨ।