ਰਾਏਪੁਰ/ਨਵੀਂ ਦਿੱਲੀ, 4 ਅਕਤੂਬਰ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਦੀਆਂ 9 ਲੜਕੀਆਂ, ਜੋ ਮੈਦਾਨ ਦੀ ਘਾਟ ਕਾਰਨ ਹੈਲੀਪੈਡ ’ਤੇ ਪ੍ਰੈਕਟਿਸ ਕਰਦੀਆਂ ਹਨ, ਦੀ ਜੂਨੀਅਰ ਕੌਮੀ ਹਾਕੀ ਟਰਾਇਲ ਕੈਂਪ ਲਈ ਚੋਣ ਹੋਈ ਹੈ। ਸੂਬੇ ਦੇ ਜ਼ਿਲ੍ਹਾ ਕੋਂਡਾਗਾਓਂ ’ਚ ਮਾਓਵਾਦੀਆਂ ਵਿਰੋਧੀ ਅਪਰੇਸ਼ਨ ਲਈ ਤਾਇਨਾਤ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਨੇ 14 ਤੋਂ 17 ਸਾਲ ਉਮਰ ਦੀਆਂ ਇਨ੍ਹਾਂ ਲੜਕੀਆਂ ਨੂੰ 2016 ’ਚ ਸਿਖਲਾਈ ਦੇਣੀ ਸ਼ੁਰੂ ਕੀਤੀ ਸੀ।
ਆਈਟੀਬੀਪੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ, ‘9 ਕਬਾਇਲੀ ਲੜਕੀਆਂ, ਜਿਨ੍ਹਾਂ ਨੇ ਆਈਟੀਬੀਪੀ ਦੀ 41ਵੀਂ ਬਟਾਲੀਅਨ ਵੱਲੋਂ ਚਲਾਈ ਜਾ ਰਹੀ ਅਕੈਡਮੀ ’ਚ ਸਿਖਲਾਈ ਸ਼ੁਰੂ ਕੀਤੀ ਸੀ, ਦੀ ਚੋਣ ਹਾਕੀ ਇੰਡੀਆ ਦੇ ਸਬ-ਜੂਨੀਅਰ ਅਤੇ ਜੂਨੀਅਰ ਨੈਸ਼ਨਲ ਟਰਾਇਲ ਕੈਂਪ ਲਈ ਹੋਈ ਹੈ।’ ਉਨ੍ਹਾਂ ਦੱਸਿਆ ਕਿ ਇਹ ਲੜਕੀਆਂ ਜ਼ਿਲ੍ਹੇ ਦੇ ਮਰਦਾਪਲ ਇਲਾਕੇ ਦੇ ਕੰਨਿਆ ਆਸ਼ਰਮ (ਲੜਕੀਆਂ ਦਾ ਸਕੂਲ) ਵਿੱਚ ਪੜ੍ਹਦੀਆਂ ਹਨ। ਟਰਾਇਲ ਕੈਂਪ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਵੇਗਾ ਅਤੇ ਹਾਕੀ ਇੰਡੀਆ ਵੱਲੋਂ ਲੜਕੀਆਂ ਨੂੰ ਸ਼ਨਾਖ਼ਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਚੁਣੀਆਂ ਗਈਆਂ ਖ਼ਿਡਾਰਨਾਂ ਵਿੱਚੋਂ ਇੱਕ ਸੁਲੋਚਨਾ ਨੇਤਮ ਨੇ ਕਿਹਾ, ‘2016 ’ਚ ਆਈਟੀਬੀਪੀ ਨਾਲ ਪ੍ਰੈਕਟਿਸ ਸ਼ੁਰੂ ਕੀਤੇ ਜਾਣ ਤੱਕ ਸਾਨੂੰ ਕੌਮੀ ਖੇਡ ਹੋਣ ਤੋਂ ਇਲਾਵਾ ਹਾਕੀ ਬਾਰੇ ਕੁਝ ਵੀ ਪਤਾ ਨਹੀਂ ਸੀ। ਅਸੀਂ ਮਰਦਾਪਲ ਪੁਲੀਸ ਕੈਂਪ ਨੇੜੇ ਹੈਡੀਪੈਡ, ਜੋ ਉੱਥੇ ਉਪਲੱਬਧ ਇਕਲੌਤੀ ਖੁੱਲ੍ਹੀ ਥਾਂ ਹੈ, ’ਤੇ ਪ੍ਰੈਕਟਿਸ ਕੀਤੀ।’ ਸੁਲੋਚਨਾ ਨੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪ੍ਰੈਕਟਿਸ ਲਈ ਵਧੀਆ ਖੇਡ ਮੈਦਾਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। –ਪੀਟੀਆਈ