ਰੀਗਾ (ਲਾਤਵੀਆ): ਭਾਰਤੀ ਗਰੈਂਡਮਾਸਟਰ ਪੀ. ਹਰੀਕ੍ਰਿਸ਼ਨਾ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਇੱਥੇ ਫਿਡੇ ਗਰੈਂਡ ਸਵਿੱਸ ਸ਼ਤਰੰਜ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਤਰ੍ਹਾਂ ਚੌਥੇ ਗੇੜ ਮਗਰੋਂ ਉਸ ਦੇ 2.5 ਅੰਕ ਹਨ। ਭਾਰਤ ਦੇ ਤੀਜੇ ਨੰਬਰ ਦੇ ਖਿਡਾਰੀ ਹਰੀਕ੍ਰਿਸ਼ਨਾ ਨੇ ਆਰਮੇਨੀਆ ਦੇ ਸਰਗੇਈ ਮੋਵਸੇਸੀਆਨ ਨੂੰ 56 ਚਾਲਾਂ ਵਿੱਚ ਹਰਾਇਆ। ਹਰੀਕ੍ਰਿਸ਼ਨਾ ਚੌਥੇ ਗੇੜ ’ਚ ਜਿੱਤ ਪ੍ਰਾਪਤ ਕਰਨ ਵਾਲਾ ਇਕਲੌਤਾ ਭਾਰਤੀ ਪੁਰਸ਼ ਖਿਡਾਰੀ ਸੀ, ਜਦੋਂਕਿ ਆਰ. ਵੈਸ਼ਾਲੀ ਮਹਿਲਾਵਾਂ ਦੇ ਵਰਗ ਵਿੱਚ ਜਿੱਤ ਦਰਜ ਕਰਨ ਵਾਲੀ ਇਕਲੌਤੀ ਭਾਰਤੀ ਸੀ। ਡੀ. ਹਰੀਕਾ ਨੇ ਚੀਨ ਦੀ ਝੂ ਜਿਨੇਰ ਖ਼ਿਲਾਫ਼ ਡਰਾਅ ਖੇਡਿਆ। ਉਸ ਦੇ ਤਿੰਨ ਅੰਕ ਹਨ। ਨਿਹਾਲ ਸਰੀਨ ਨੇ ਪਾਵੇਲ ਪੋਨਕ੍ਰਾਤੋਵ ਨੂੰ ਬਰਾਬਰੀ ’ਤੇ ਰੋਕਿਆ। ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੂੰ ਲਗਾਤਾਰ ਤਿੰਨ ਡਰਾਅ ਮਗਰੋਂ ਸੈਮੂਅਲ ਸੇਵੀਅਨ ਤੋਂ ਹਾਰ ਝੱਲਣੀ ਪਈ। ਸ਼ਸ਼ੀਕਿਰਨ ਨੇ ਰੂਸ ਦੇ ਵਲਾਦਿਸਿਲੇਵ ਆਰਤੇਮੀਵ ਅਤੇ ਗੁਕੇਸ਼ ਨੇ ਰੂਸ ਦੇ ਵਲਾਦਿਮੀਰ ਫੇਦੋਸੀਵ ਨੂੰ ਬਰਾਬਰੀ ’ਤੇ ਰੋਕਿਆ, ਪਰ ਅਰਜੁਨ ਇਰੀਗਾਇਸੀ ਨੂੰ ਰੂਸ ਦੇ ਸਨਨ ਸੁਗੀਰੋਵ ਤੋਂ ਹਾਰ ਝੱਲਣੀ ਪਈ। -ਪੀਟੀਆਈ