ਸਟੈਵੇਂਜਰ (ਨਾਰਵੇ): ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ‘ਕਲਾਸੀਕਲ’ ਵਰਗ ਵਿੱਚ ਭਾਰਤੀ ਖਿਡਾਰੀ ਵਿਸ਼ਵਨਾਥਨ ਆਨੰਦ ਅਤੇ ਨੈਦਰਲੈਂਡਜ਼ ਦੇ ਅਨੀਸ਼ ਗਿਰੀ ਵਿਚਾਲੇ ਖੇਡਿਆ ਗਿਆ ਛੇਵੇਂ ਗੇੜ ਦਾ ਮੁਕਾਬਲਾ ਡਰਾਅ ਰਿਹਾ। ਕਲਾਸੀਕਲ ਮੁਕਾਬਲਾ ਡਰਾਅ ਹੋਣ ਮਗਰੋਂ ਖੇਡਿਆ ਗਿਆ ਆਰਮਗੇਡੋਨ ਵੀ ਸਟੇਲਮੇਟ ਕਾਰਨ ਡਰਾਅ ਰਿਹਾ। ਇਸ ਮੁਕਾਬਲੇ ਮਗਰੋਂ ਆਨੰਦ 11.5 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਅਜ਼ਰਬਾਇਜਾਨ ਦੇ ਸ਼ਖਰੀਆਰ ਮਾਮੇਦਿਆਰੋਵ ਨੂੰ ਹਰਾ ਕੇ 12.5 ਅੰਕਾਂ ਨਾਲ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਕਲਾਸੀਕਲ ਮੁਕਾਬਲੇ ਵਿੱਚ ਆਨੰਦ ਕਾਲੇ ਮੋਹਰਿਆਂ ਨਾਲ ਖੇਡ ਰਿਹਾ ਸੀ। ਇਸ ਮੁਕਾਬਲੇ ’ਚ ਦੋਹੇਂ ਖਿਡਾਰੀ 35 ਚਾਲਾਂ ਖੇਡ ਕੇ ਡਰਾਅ ’ਤੇ ਸਹਿਮਤ ਹੋਏ। ਇਸ ਤੋਂ ਬਾਅਦ ਦੋਹਾਂ ਵਿਚਾਲੇ ਖੇਡਿਆ ਗਿਆ ਆਰਮਗੇਡੋਨ ਮੁਕਾਬਲਾ ਵੀ ਡਰਾਅ ਰਿਹਾ। ਆਰਮਗੇਡੋਨ ਦੇ ਨਿਯਮਾਂ ਮੁਤਾਬਕ ਕਾਲੇ ਮੋਹਿਰਆਂ ਨਾਲ ਖੇਡਣ ਵਾਲੇ ਖਿਡਾਰੀ ਨੂੰ ਮੁਕਾਬਲਾ ਡਰਾਅ ਹੋਣ ’ਤੇ ਵੀ ਜੇਤੂ ਮੰਨਿਆ ਜਾਂਦਾ ਹੈ। -ਪੀਟੀਆਈ