ਪੱਤਰ ਪ੍ਰੇਰਕ
ਸ਼ੇਰਪੁਰ, 19 ਸਤੰਬਰ
ਬਲਾਕ ਧੂਰੀ ਦੀਆਂ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਤੇ ਕੋਆਰਡੀਨੇਟਰ ਗੁਰਮੀਤ ਕੌਰ ਸੋਹੀ ਦੀ ਸਾਂਝੀ ਦੇਖ-ਰੇਖ ਵਿੱਚ ਨੌਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਰਾਜੋਮਾਜਰਾ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਖਤਮ ਹੋਈਆਂ। ਖੇਡਾਂ ਵਿੱਚ ਮੇਜ਼ਬਾਨ ਸੈਂਟਰ ਬੁਗਰਾ ਸਮੇਤ ਬਲਾਕ ਦੇ ਸਮੂਹ ਸੈਂਟਰਾਂ ਨੇ ਹਿੱਸਾ ਲਿਆ। ਅਧਿਆਪਕ ਗਗਨ ਬੁਗਰਾਂ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ ਮੁੰਡੇ ਜਹਾਂਗੀਰ ਸੈਂਟਰ, ਕਬੱਡੀ ਨੈਸ਼ਨਲ ਕੁੜੀਆਂ ਬੁਗਰਾ ਸੈਂਟਰ ਅਤੇ ਸਰਕਲ ਕਬੱਡੀ ਮੁੰਡੇ ਭੋਜੋਵਾਲੀ ਸੈਂਟਰ ਜੇਤੂ ਰਹੇ। ਕੁੜੀਆਂ ਦੀ ਖੋ ਖੋ ਵਿੱਚ ਸੈਂਟਰ ਬੁਗਰਾ ਤੇ ਫੁਟਬਾਲ ਵਿੱਚ ਜਹਾਂਗੀਰ ਸੈਂਟਰ ਜੇਤੂ ਰਹੇ। ਸ਼ਤਰੰਜ ਤੇ ਸਕੇਟਿੰਗ ਜਹਾਂਗੀਰ ਸੈਂਟਰ, ਗੱਤਕਾ ਵਾਰਡ ਨੰ. 6 ਤੇ ਯੋਗਾ ਵਿੱਚ ਵਾਰਡ ਨੰ. 2 ਜੇਤੂ ਰਹੇ। ਇਸ ਤੋਂ ਇਲਾਵਾ ਅਥਲੈਟਿਕਸ ਦੇ ਮੁਕਾਬਲੇ ਵੀ ਹੋਏ। 23 ਸਾਲ ਬਾਅਦ ਸੈਂਟਰ ਜਹਾਂਗੀਰ ਨੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਆਖ਼ਰੀ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਵਿਨੋਦ ਹਾਂਡਾ ਨੇ ਇਨਾਮ ਵੰਡੇ। ਮੁਕਾਬਲਿਆਂ ਵਿੱਚ ਜਸਵੀਰ ਸਿੰਘ ਗਿੱਲ, ਸ੍ਰੀ ਉਮਾ ਸ਼ੰਕਰ, ਬਲਵਿੰਦਰ ਸਿੰਘ ਬੁਗਰਾ, ਸ੍ਰੀ ਸੁਭਾਸ਼ ਚੰਦ, ਅਤੇ ਪਰਮਿੰਦਰ ਕੌਰ ਨੇ ਅਧਿਆਪਕਾਂ ਦੀ ਅਗਵਾਈ ਕੀਤੀ।