ਬਰਮਿੰਘਮ, 31 ਜੁਲਾਈ
ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਣ ਤੋਂ ਬਾਅਦ ਵੇਟਲਿਫਟਰ ਮੀਰਾਬਾਈ ਚਾਨੂ ਦੇ ਜੱਦੀ ਰਾਜ ਮਨੀਪੁਰ ਵਿਚ ਜਸ਼ਨ ਦਾ ਮਾਹੌਲ ਹੈ। ਚਾਨੂ ਦੇ ਜੱਦੀ ਪਿੰਡ ਇੰਫਾਲ ਪੂਰਬੀ ਜ਼ਿਲ੍ਹੇ ਦੇ ਨੋਂਗਪੋਹ ਕਾਕਚਿੰਗ ਦੇ ਨਿਵਾਸੀ ਸ਼ਨਿਚਰਵਾਰ ਰਾਤ ਟੀਵੀ ਨਾਲ ਚਿੰਬੜੇ ਰਹੇ ਤੇ ਜਿਵੇਂ ਹੀ ਉਸ ਵੱਲੋਂ ਸੋਨ ਤਗਮਾ ਜਿੱਤਣ ਦੀ ਪੁਸ਼ਟੀ ਹੋਈ, ਉਹ ਖ਼ੁਸ਼ੀ ਨਾਲ ਝੂਮ ਉੱਠੇ। ਉਸ ਦੀ ਮਾਂ ਤੋਂਬੀ ਦੇਵੀ ਨੇ ਕਿਹਾ ਕਿ ਉਹ ਮੁਕਾਬਲੇ ਤੋਂ ਇਕ ਰਾਤ ਪਹਿਲਾਂ ਸੌਂ ਨਹੀਂ ਸਕੀ ਤੇ ਆਪਣੀ ਬੇਟੀ ਦੀ ਜਿੱਤ ਲਈ ਪ੍ਰਾਰਥਨਾ ਕਰਦੀ ਰਹੀ। ਹੁਣ ਚਾਨੂ ਦੀਆਂ ਭੈਣਾਂ, ਰਿਸ਼ਤੇਦਾਰ ਤੇ ਗੁਆਂਢੀ ਤਿਰੰਗੇ ਨਾਲ ਜਸ਼ਨ ਮਨਾ ਰਹੇ ਹਨ। ਉਲੰਪਿਕ ਤਗਮਾ ਜੇਤੂ ਚਾਨੂ ਨੇ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਭਾਰਤ ਨੂੰ ਇਨ੍ਹਾਂ ਖੇਡਾਂ ਵਿਚ ਪਹਿਲਾਂ ਸੋਨ ਤਗਮਾ ਦਿਵਾਇਆ ਹੈ। ਉਸ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਇਨ੍ਹਾਂ ਖੇਡਾਂ ਵਿਚ ਕਲੀਨ ਐਂਡ ਜਰਕ ਨਾਲ ਕੁੱਲ ਵਜ਼ਨ ਦਾ ਨਵਾਂ ਰਿਕਾਰਡ ਬਣਾਇਆ। ਚਾਨੂ ਨੇ ਮਹਿਲਾ 49 ਕਿਲੋ ਮੁਕਾਬਲੇ ਵਿਚ ਕੁੱਲ 201 ਕਿਲੋ (88 ਕਿਲੋ ਤੇ 113 ਕਿਲੋ) ਵਜ਼ਨ ਚੁੱਕਿਆ। ਮੁੱਖ ਮੰਤਰੀ ਐਨ. ਬਿਰੇਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਨੀਪੁਰ ਦੀ ‘ਸੁਪਰਸਟਾਰ ਬੇਟੀ’ ਉਤੇ ਬਹੁਤ ਮਾਣ ਹੈ। ਇਸੇ ਦੌਰਾਨ ਭਾਰਤੀ ਉਲੰਪਿਕ ਸੰਘ ਨੇ ਵੀ ਮੀਰਾਬਾਈ ਚਾਨੂ ਦੀ ਸ਼ਲਾਘਾ ਕੀਤੀ ਹੈ। ਪਿਛਲੇ ਸਾਲ ਟੋਕੀਓ ਉਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਚਾਨੂ ਬਾਰੇ ਸੰਘ ਦੇ ਪ੍ਰਧਾਨ ਅਨਿਲ ਖੰਨਾ ਨੇ ਕਿਹਾ ਕਿ ਉਸ ਤੋਂ ਕਾਫ਼ੀ ਉਮੀਦਾਂ ਸਨ। ਉਹ ਆਸਾਂ ਉਤੇ ਖ਼ਰੀ ਉਤਰੀ ਹੈ। ਉਨ੍ਹਾਂ ਤਗਮਾ ਜਿੱਤਣ ਵਾਲੇ ਬਾਕੀ ਵੇਟਲਿਫਟਰਾਂ ਨੂੰ ਵੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਚਾਨੂ ਹੋਰ ਵੀ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਵੱਲੋਂ ਤਗਮੇ ਜਿੱਤ ਚੁੱਕੀ ਹੈ। -ਪੀਟੀਆਈ