ਭੁਬਨੇਸ਼ਵਰ: ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਅੱਜ ਇੱਥੇ 13ਵੇਂ ਤੋਂ 16ਵੇਂ ਸਥਾਨ ਲਈ ਹੋਏ ਕਲਾਸੀਫਿਕੇਸ਼ਨ ਮੈਚਾਂ ਵਿੱਚ ਕੈਨੇਡਾ ਨੇ ਅਮਰੀਕਾ ਨੂੰ 4-0 ਗੋਲਾਂ ਨਾਲ ਜਦਕਿ ਚਿੱਲੀ ਨੇ ਮਿਸਰ ਨੂੰ ਫ਼ਸਵੇਂ ਮੁਕਾਬਲੇ ਵਿੱਚ 1-0 ਨਾਲ ਮਾਤ ਦਿੱਤੀ ਹੈ। ਭਾਰਤ ਅਤੇ ਜਰਮਨੀ ਤੇ ਅਰਜਨਟੀਨਾ ਅਤੇ ਫਰਾਂਸ ਵਿਚਕਾਰ ਸੈਮੀ ਫਾਈਨਲ ਮੁਕਾਬਲੇ ਭਲਕੇ ਖੇਡੇ ਜਾਣਗੇ। ਅੱਜ ਦੇ ਪਹਿਲੇ ਮੈਚ ਵਿੱਚ ਕੈਨੇਡਾ ਵੱਲੋਂ ਕ੍ਰਿਸਟੋਫਰ ਟਾਰਡਿਫ (20ਵੇਂ ਮਿੰਟ ’ਚ), ਅਲੈਗਜ਼ੈਂਡਰ ਬਰਡ ਨੇ (25ਵੇਂ) ਅਤੇ ਫਿਲਨ ਮੈਕਕਲੂਚ ਨੇ (38ਵੇਂ ਮਿੰਟ ’ਚ) ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਬਰਡ ਨੇ 52ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ’ਤੇ ਗੋਲ ਕੀਤਾ। ਦਿਨ ਦੇ ਦੂਜੇ ਮੈਚ ਵਿੱਚ ਚਿੱਲੀ ਨੇ ਰਾਈਮੁੰਡੋ ਵੈਲੇਂਜੁਏਲਾ ਵੱਲੋਂ 46ਵੇਂ ਮਿੰਟ ਵਿੱਚ ਕੀਤੇ ਮੈਦਾਨੀ ਗੋਲ ਸਦਕਾ ਮਿਸਰ ਨੂੰ 1-0 ਗੋਲ ਦੇ ਅੰਤਰ ਨਾਲ ਮਾਤ ਦਿੱਤੀ। ਹੁਣ ਉਸ ਦਾ ਸਾਹਮਣਾ ਸ਼ਨਿਚਰਵਾਰ ਨੂੰ 13ਵੇਂ ਤੋਂ 14ਵੇਂ ਸਥਾਨ ਲਈ ਕੈਨੇਡਾ ਦੀ ਟੀਮ ਨਾਲ ਹੋਵੇਗਾ। -ਪੀਟੀਆਈ