ਪੱਤਰ ਪ੍ਰੇਰਕ
ਹੁਸ਼ਿਆਰਪੁਰ, 16 ਅਕਤੂਬਰ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਕੇਡ ਮੈਦਾਨ ਰੇਲਵੇ ਮੰਡੀ ਵਿਖੇ ਚੱਲ ਰਹੇ ਸਵਰਗੀ ਕ੍ਰਿਕਟ ਕੋਚ ਸੁਸ਼ੀਲ ਸ਼ਰਮਾ ਕ੍ਰਿਕਟ ਟੂਰਨਾਮੈਂਟ ਦੇ ਅੱਜ ਫ਼ਾਈਨਲ ਮੈਚ ਵਿਚ ਫਰੈਂਡਜ਼ ਕਲੱਬ ਬੁੱਟਰਾਂ ਦੀ ਟੀਮ ਨੇ ਬਦਵਾ ਕਲੱਬ ਟੀਮ ਨੂੰ 13 ਰਨਾਂ ਨਾਲ ਹਰਾ ਕੇ ਟੂਨਾਮੈਟ ਜਿੱਤ ਲਿਆ। ਐੱਚ.ਡੀ.ਸੀ.ਏ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਫਰੈਂਡਜ਼ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਫਰੈਂਡਜ਼ ਕਲੱਬ ਦੀ ਪੂਰੀ ਟੀਮ 20 ਓਵਰ ਵਿੱਚ 127 ਦੌੜਾਂ ਬਣਾਈਆਂ। ਤਰੁਣ ਸਰੀਨ ਨੇ 46 ਅਤੇ ਕਰਨਵੀਰ ਨੇ 15 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਉੱਤਰੀ ਬਜਵਾ ਕਲੱਬ ਦੀ ਟੀਮ 113 ਦੌੜਾਂ ਹੀ ਬਣਾ ਸਕੀ। ਸ਼ਿਵ ਨੇ 31 ਅਤੇ ਲਾਡਾ ਨੇ 21 ਦੌੜਾਂ ਬਣਾਈਆਂ।
ਟੂਰਨਾਮੈਂਟ ਦੇ ਮੁੱਖ ਮਹਿਮਾਨ ਡਾ. ਅਨੂਪ ਮਿਨਹਾਸ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ। ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਤੇ ਟਰਾਫ਼ੀ ਦਿੱਤੀ ਗਈ। ਕਰਮਵੀਰ ਸਿੰਘ ਨੂੰ ਮੈਨ ਆਫ ਦੀ ਸੀਰੀਜ਼, ਹਿਮਾਂਸ਼ੂ ਸੱਤਿਆਵਾਨ ਨੂੰ ਬੈਸਟ ਬੱਲੇਬਾਜ਼ ਅਤੇ ਵਰੁਣ ਕੁਮਾਰ ਨੂੰ ਬੈਸਟ ਗੇਂਦਬਾਜ਼ ਐਲਾਨਿਆ ਗਿਆ। ਐੱਚ.ਡੀ.ਸੀ.ਏ ਦੇ ਪ੍ਰਧਾਨ ਡਾ. ਦਲਜੀਤ ਖੇਲਾ ਨੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।