ਨਵੀਂ ਦਿੱਲੀ, 12 ਸਤੰਬਰ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਆਖ਼ਰੀ ਓਵਰਾਂ ’ਚ ਗੇਂਦਬਾਜ਼ੀ ਕਰਨ ਦੇ ਮਾਹਿਰ ਹਰਸ਼ਲ ਪਟੇਲ ਦੀ ਆਸਟਰੇਲੀਆ ਵਿਚ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਟੀ20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਵਿਚ ਵਾਪਸੀ ਹੋ ਗਈ ਹੈ। ਦੱਸਣਯੋਗ ਹੈ ਕਿ ਬੁਮਰਾਹ ਤੇ ਪਟੇਲ ਸੱਟ ਤੋਂ ਉੱਭਰ ਗਏ ਹਨ। ਵਿਸ਼ਵ ਕੱਪ ਵਿਚ ਭਾਰਤ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗਾ। ਬੁਮਰਾਹ ਦੇ ਪਿੱਠ ਵਿਚ ਸੱਟ ਲੱਗੀ ਸੀ ਜਦਕਿ ਹਰਸ਼ਲ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਸੀ। ਇਨ੍ਹਾਂ ਦੋਵਾਂ ਨੂੰ ਰਾਸ਼ਟਰੀ ਕ੍ਰਿਕਟ ਅਕਾਦਮੀ ਦੇ ‘ਰਿਹੈਬਲਿਟੇਸ਼ਨ’ ਪ੍ਰੋਗਰਾਮ ਵਿਚ ਰੱਖਿਆ ਗਿਆ ਸੀ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਹੁਣ ਇਨ੍ਹਾਂ ਨੂੰ ਫਿਟ ਐਲਾਨ ਦਿੱਤਾ ਹੈ। ਆਵੇਸ਼ ਖਾਨ ਤੇ ਰਵੀ ਬਿਸ਼ਨੋਈ ਹਾਲਾਂਕਿ ਵਿਸ਼ਵ ਕੱਪ ਦੀ 15 ਮੈਂਬਰੀ ਟੀਮ ਵਿਚ ਥਾਂ ਬਣਾਉਣ ਤੋਂ ਖੁੰਝ ਗਏ ਹਨ। ਬਿਸ਼ਨੋਈ ਦੀ ਥਾਂ ਆਫ ਸਪਿੰਨਰ ਰਵੀਚੰਦਰਨ ਅਸ਼ਿਵਨ ਨੂੰ ਤਰਜੀਹ ਦਿੱਤੀ ਗਈ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਹਾਲਾਂਕਿ ਟੀ20 ਟੀਮ ਵਿਚ ਵਾਪਸੀ ਕਰਨ ’ਚ ਸਫ਼ਲ ਰਹੇ ਹਨ। ਉਹ ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੀਆਂ ਜਾਣ ਵਾਲੀਆਂ ਲੜੀਆਂ ਵਿਚ ਟੀਮ ਦਾ ਹਿੱਸਾ ਹੋਣਗੇ। ਵਿਸ਼ਵ ਕੱਪ ਲਈ ਰਿਜ਼ਰਵ ਖਿਡਾਰੀਆਂ ਵਿਚ ਸ਼ਮੀ ਤੋਂ ਇਲਾਵਾ ਸ਼੍ਰੇਅਸ ਅਈਅਰ, ਬਿਸ਼ਨੋਈ ਤੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਸ਼ਾਮਲ ਹਨ। -ਪੀਟੀਆਈ