ਬਰਮਿੰਘਮ, 31 ਜੁਲਾਈ
ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਮੋਜ਼ਾਂਬੀਕ ਦੀ ਹੈਲੇਨਾ ਇਸਮਾਈਲ ਬਗਾਓ ਨੂੰ ਹਰਾ ਕੇ ਔਰਤਾਂ ਦੇ ਲਾਈਟਵੇਟ 50 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿਚ ਦਾਖਲਾ ਹਾਸਲ ਕਰ ਲਿਆ ਹੈ। ਜ਼ਰੀਨ ਨੇ ਸ਼ੁਰੂ ਤੋਂ ਹੀ ਮੁਕਾਬਲੇ ਵਿਚ ਦਬਦਬਾ ਬਣਾਈ ਰੱਖਿਆ ਤੇ ਉਨ੍ਹਾਂ ਦੀ ਨੌਜਵਾਨ ਮੁਕਾਬਲੇਬਾਜ਼ ਕਿਤੇ ਵੀ ਮੁਕਾਬਲਾ ਨਹੀਂ ਕਰ ਸਕੀ। ਭਾਰਤੀ ਮੁੱਕੇਬਾਜ਼ ਨੇ ਆਪਣੇ ਤਜਰਬੇ ਦੀ ਬਦੌਲਤ ਖੱਬੇ ਤੇ ਸੱਜੇ ਮੁੱਕਿਆਂ ਦੇ ਤਾਲਮੇਲ ਨਾਲ ਬਾਖੂਬੀ ਆਪਣੇ ਵਿਰੋਧੀ ਮੁੱਕੇਬਾਜ਼ ਨੂੰ ਮਾਤ ਦੇ ਦਿੱਤੀ। ਆਖ਼ਰੀ ਰਾਊਂਡ ਵਿਚ ਜ਼ਰੀਨ ਨੇ ਦਮਦਾਰ ਮੁੱਕੇ ਸਿੱਧੇ ਹੈਲੇਨਾ ਦੇ ਮੂੰਹ ਉਤੇ ਜੜੇ। ਇਸ ਨਾਲ ਉਹ ਪੂਰੀ ਤਰ੍ਹਾਂ ਹਿੱਲ ਗਈ ਤੇ ਰੈਫਰੀ ਨੇ 48 ਸਕਿੰਟ ਪਹਿਲਾਂ ਹੀ ਮੁਕਾਬਲਾ ਰੋਕ ਦਿੱਤਾ। ਜ਼ਰੀਨ ਦਾ ਸਾਹਮਣਾ ਹੁਣ ਕੁਆਰਟਰ ਫਾਈਨਲ ਵਿਚ ਰਾਸ਼ਟਰਮੰਡਲ ਖੇਡਾਂ ਦੀ ਮੌਜੂਦਾ ਕਾਂਸੀ ਦਾ ਤਗਮਾ ਜੇਤੂ ਨਿਊਜ਼ੀਲੈਂਡ ਦੀ ਟਰਾਏ ਗਾਰਟਨ ਨਾਲ ਹੋਵੇਗਾ ਜਿਸ ਵਿਚ ਜਿੱਤ ਨਾਲ ਉਹ ਪੋਡੀਅਮ ਸਥਾਨ ਉਤੇ ਪਹੁੰਚ ਜਾਵੇਗੀ। ਇਸੇ ਦੌਰਾਨ ਸ਼ਿਵ ਥਾਪਾ ਪੁਰਸ਼ਾਂ ਦੇ 63.5 ਕਿਲੋਗ੍ਰਾਮ ਵਰਗ ਦੇ ਰਾਊਂਡ 16 ਵਿਚ ਹਾਰ ਕੇ ਬਾਹਰ ਹੋ ਗਏ ਹਨ। ਜ਼ਰੀਨ ਨੇ ਆਰਐੱਸਸੀ ਰਾਹੀਂ ਜਿੱਤ ਦਰਜ ਕੀਤੀ ਹੈ। ਥਾਪਾ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਤਗਮਾ ਜੇਤੂ ਸਕਾਟਲੈਂਡ ਦੇ ਰੀਸ ਲਿੰਚ ਤੋਂ ਮਿਲੀ 1-4 ਦੀ ਹਾਰ ਨਾਲ ਖੇਡਾਂ ਵਿਚੋਂ ਨਿਰਾਸ਼ਾਜਨਕ ਢੰਗ ਨਾਲ ਬਾਹਰ ਹੋਣਾ ਪਿਆ। ਥਾਪਾ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਸ ਨੂੰ ਬਰਕਰਾਰ ਨਹੀਂ ਰੱਖ ਸਕੇ। -ਪੀਟੀਆਈ