ਟੋਕੀਓ, 29 ਜੁਲਾਈ
ਪਲੇਠਾ ਓਲੰਪਿਕ ਖੇਡ ਰਿਹਾ ਭਾਰਤ ਦਾ ਪਹਿਲਾ ਸੁਪਰ ਹੈਵੀਵੇਟ (91 ਕਿਲੋ) ਮੁੱਕੇਬਾਜ਼ ਸਤੀਸ਼ ਕੁਮਾਰ ਅੱਜ ਜਮਾਇਕਾ ਦੇ ਰਿਕਾਰਡੋ ਬ੍ਰਾਊਨ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪਹੁੰਚ ਗਿਆ ਹੈ। ਰਿਕਾਰਡੋ ਦਾ ਵੀ ਇਹ ਪਹਿਲਾ ਓਲੰਪਿਕ ਹੈ। ਸਤੀਸ਼ ਨੇ ਵੰਡੇ ਹੋਏ ਫ਼ੈਸਲੇ ਦੇ ਬਾਵਜੂਦ 4-1 ਨਾਲ ਸੌਖਿਆਂ ਹੀ ਜਿੱਤ ਹਾਸਲ ਕੀਤੀ। ਏਸ਼ਿਆਈ ਖੇਡਾਂ ਵਿੱਚ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਸਤੀਸ਼ ਨੂੰ ਬ੍ਰਾਊਨ ਦੇ ਖਰਾਬ ਫੁੱਟਵਰਕ ਦਾ ਫਾਇਦਾ ਮਿਲਿਆ। ਮੁਕਾਬਲੇ ਦੌਰਾਨ ਸਤੀਸ਼ ਦੇ ਮੱਥੇ ਅਤੇ ਠੋਡੀ ’ਤੇ ਦੋ ਜ਼ਖ਼ਮ ਵੀ ਹੋ ਗਏ। ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਸੈਂਟਿਆਗੋ ਨੀਵਾ ਨੇ ਕਿਹਾ, ‘‘ਉਸ ਨੂੰ ਮੁਕਾਬਲੇ ਦੌਰਾਨ ਤਿੰਨ ਵਾਰ ਸਿਰ ’ਤੇ ਵਾਰ ਕਾਰਨ ਸੱਟ ਲੱਗੀ ਹੈ। ਸਤੀਸ਼ ਨੇ ਕਾਫੀ ਸੰਭਲ ਕੇ ਉਸ ਦਾ ਸਾਹਮਣਾ ਕੀਤਾ, ਨਹੀਂ ਤਾਂ ਬ੍ਰਾਊਨ ਦੇ ਕੱਦ ਕਾਠ ਨੂੰ ਦੇਖਦਿਆਂ ਉਸ ਦੇ ਗੰਭੀਰ ਸੱਟ ਵੀ ਲੱਗ ਸਕਦੀ ਸੀ।’’ ਹੁਣ ਕੁਆਰਟਰ ਫਾਈਨਲ ’ਚ ਸਤੀਸ਼ ਦਾ ਮੁਕਾਬਲਾ ਉਜ਼ਬੇਕਿਸਤਾਨ ਦੇ ਬਖ਼ੋਦਿਰ ਜਲੋਲੋਵ ਨਾਲ ਹੋਵੇਗਾ, ਜਿਸ ਨੇ ਅਜ਼ਰਬਾਈਜਾਨ ਦੇ ਮੁਹੰਮਦ ਅਬਦੁੱਲਾਯੇਵ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ। ਬਖੋਦਿਰ ਮੌਜੂਦਾ ਆਲਮੀ ਚੈਂਪੀਅਨ ਅਤੇ ਏਸ਼ਿਆਈ ਚੈਂਪੀਅਨ ਹੈ।
ਸੈਂਟਿਆਗੋ ਨੇ ਕਿਹਾ, ‘ਉਹ ਅਜੇਤੂ ਨਹੀਂ ਹੈ। ਸਤੀਸ਼ ਨੇ ਉਸ ਨੂੰ ਕਦੇ ਨਹੀਂ ਹਰਾਇਆ, ਪਰ ਇੰਡੀਆ ਓਪਨ ’ਚ ਜਦੋਂ ਪਿਛਲੀ ਵਾਰ ਦੋਵਾਂ ਦਾ ਸਾਹਮਣਾ ਹੋਇਆ ਸੀ ਤਾਂ ਉਦੋਂ ਸਾਂਝਾ ਫ਼ੈਸਲਾ ਹੋੋਇਆ ਸੀ। ਸਤੀਸ਼ ਨੇ ਉਸ ਨੂੰ ਸਖ਼ਤ ਚੁਣੌਤੀ ਦਿੱਤੀ ਸੀ।’’ ਰਾਸ਼ਟਰਮੰਡਲ ਖੇਡਾਂ-2018 ’ਚ ਚਾਂਦੀ ਦਾ ਤਗ਼ਮਾ ਜੇਤੂ ਸਤੀਸ਼ ਨੇ ਮੈਚ ਦੌਰਾਨ ਸੱਜੇ ਹੱਥ ਨਾਲ ਲਗਾਤਾਰ ਮੁੱਕੇ ਜੜਦਿਆਂ ਬ੍ਰਾਊਨ ਨੂੰ ਗਲਤੀਆਂ ਕਰਨ ਲਈ ਮਜਬੂਰ ਕੀਤਾ।’’ -ਪੀਟੀਆਈ