ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ (52 ਕਿਲੋ) ਤੇ ਨੀਤੂ (48 ਕਿਲੋ) ਨੇ ਬੁਲਗਾਰੀਆ ਦੇ ਸੋਫੀਆ ਵਿਚ 73ਵੇਂ ਸਟ੍ਰੈਂਡਜ਼ਾ ਮੈਮੋਰੀਅਲ ਟੂਰਨਾਮੈਂਟ ਵਿਚ ਆਪੋ-ਆਪਣੇ ਫਾਈਨਲ ਜਿੱਤ ਕੇ ਸੋਨ ਤਗਮੇ ਹਾਸਲ ਕੀਤੇ ਹਨ। ਨੀਤੂ ਨੇ ਫਾਈਨਲ ਵਿਚ ਇਟਲੀ ਦੀ ਐਰਿਕਾ ਪ੍ਰਿਸਿਆਂਡਾਰੋ ਨੂੰ ਆਸਾਨੀ ਨਾਲ 5-0 ਨਾਲ ਮਾਤ ਦਿੱਤੀ। ਨਿਕਹਤ ਨੇ ਤਿੰਨ ਵਾਰ ਦੀ ਯੂਰੋਪੀ ਚੈਂਪੀਅਨਸ਼ਿਪ ਦੀ ਜੇਤੂ ਯੂਕਰੇਨ ਦੀ ਤੇਤਿਆਨਾ ਕੋਬ ਨੂੰ 4-1 ਨਾਲ ਹਰਾਇਆ। ਜਰੀਨ ਨੂੰ ਹਾਲਾਂਕਿ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਆਪਣੇ ਮੁਕਾਬਲੇਬਾਜ਼ ਨੂੰ ਹਾਵੀ ਨਹੀਂ ਹੋਣ ਦਿੱਤਾ। ਰਾਸ਼ਟਰੀ ਮਹਿਲਾ ਟੀਮ ਦੇ ਕੋਚ ਭਾਸਕਰ ਭੱਟ ਨੇ ਦੱਸਿਆ ਕਿ ਦੋਵਾਂ ਨੇ ਪੂਰੀ ਤਰ੍ਹਾਂ ਅਲੱਗ ਖੇਡ ਕਲਾ ਦਾ ਮੁਜ਼ਾਹਰਾ ਕੀਤਾ ਪਰ ਬਿਹਤਰੀਨ ਪ੍ਰਦਰਸ਼ਨ ਕੀਤਾ। ਭਾਰਤ ਨੇ ਮੌਜੂਦਾ ਸੈਸ਼ਨ ਨੂੰ ਤਿੰਨ ਤਗਮਿਆਂ ਨਾਲ ਖ਼ਤਮ ਕੀਤਾ। ਇਨ੍ਹਾਂ ਦੋਵਾਂ ਤੋਂ ਇਲਾਵਾ ਨੰਦਿਨੀ (+81 ਕਿਲੋ) ਕਾਂਸੀ ਦੇ ਤਗਮੇ ਨਾਲ ਤੀਸਰੀ ਤਗਮਾ ਜੇਤੂ ਰਹੀ ਹੈ। ਕਈ ਵਾਰ ਦੀ ਕੌਮੀ ਤਗਮਾ ਜੇਤੂ ਹੈਦਰਾਬਾਦ ਦੀ ਜ਼ਰੀਨ 2019 ਵਿਚ ਸਟ੍ਰੈਂਡਜ਼ਾ ਮੈਮੋਰੀਅਲ ਵਿਚ ਸੋਨ ਤਗਮਾ ਜਿੱਤ ਚੁੱਕੀ ਹੈ। ਉਹ ਇਸ ਟੂਰਨਾਮੈਂਟ ਵਿਚ ਦੋ ਵਾਰ ਸੋਨ ਤਗਮਾ ਜਿੱਤਣ ਵਾਲੀ ਇਕੱਲੀ ਭਾਰਤੀ ਮੁੱਕੇਬਾਜ਼ ਹੈ। -ਪੀਟੀਆਈ