ਅਮ੍ਰਤ
ਚੰਡੀਗੜ੍ਹ: ਕਰੋਨਾ ਦੇ ਪਰਛਾਵੇਂ ਅਤੇ ਜਾਪਾਨ ਦੀ ਹੁੰਮਸ ਭਰੀ ਗਰਮੀ ਤੋਂ ਤਾਂ ਪ੍ਰਬੰਧਕ ਪਹਿਲਾਂ ਹੀ ਚਿੰਤਾ ’ਚ ਸਨ, ਪਰ ਤੂਫ਼ਾਨ ਆਉਣ ਦੀ ਚਿਤਾਵਨੀ ਨੇ ਉਨ੍ਹਾਂ ਦੇ ਫ਼ਿਕਰ ਹੋਰ ਵਧਾ ਦਿੱਤੇ ਹਨ। ਸ਼ਨਿਚਰਵਾਰ ਸਵੇਰੇ ਮੌਸਮ ਵਿਭਾਗ ਵੱਲੋਂ ‘ਅਲਰਟ’ ਜਾਰੀ ਕੀਤੇ ਜਾਣ ਤੋਂ ਬਾਅਦ ਰੋਇੰਗ ਮੁਕਾਬਲਿਆਂ (ਕਿਸ਼ਤੀ ਚਾਲਣ) ਦੀ ਸਮਾਂ ਸਾਰਨੀ ’ਚ ਤਬਦੀਲੀ ਕਰਨੀ ਪਈ। ‘ਖਰਾਬ ਮੌਸਮ’ ਦੇ ਹਵਾਲੇ ਨਾਲ ਸੋਮਵਾਰ ਨੂੰ ਹੋਣ ਵਾਲੇ ਮੁਕਾਬਲੇ ਹੁਣ ਐਤਵਾਰ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਮਹਿਲਾ ਤੇ ਪੁਰਸ਼ ਵਰਗ ਦੇ ਜਿਹੜੇ ਹੀਟ ਮੁਕਾਬਲੇ ਐਤਵਾਰ ਨੂੰ ਹੋਣੇ ਸਨ ਉਹ ਸ਼ਨਿਚਰਵਾਰ ਨੂੰ ਕਰਵਾਉਣੇ ਪਏ। ਜਾਪਾਨ ਦੇ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਪ੍ਰਸ਼ਾਂਤ ਮਹਾਸਾਗਰ ਤੋਂ ਉੱਠਿਆ ਤੂਫਾਨ ਓਗਾਸਵਾਰਾ ਟਾਪੂ ਨਾਲ ਟਕਰਾਇਆ ਹੈ। ਇਹ ਉੱਤਰ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ ਅਤੇ ਮੰਗਲਵਾਰ ਤੱਕ ਇਹ ਟੋਕੀਓ ਖਿੱਤੇ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ।
ਮੈਦਾਨ ’ਚ ਆਇਆ ਕਰੋਨਾ
ਉਦਘਾਟਨੀ ਸਮਾਗਮ ਦੇ ਕੁਝ ਘੰਟਿਆਂ ਬਾਅਦ ਹੀ ਓਲੰਪਿਕ ਖੇਡਾਂ ’ਚ ਕਰੋਨਾ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨਿਚਰਵਾਰ ਸਵੇਰੇ ਮਹਿਲਾ ਬੀਚ ਵਾਲੀਬਾਲ ਮੁਕਾਬਲਿਆਂ ’ਚ ਚੈੱਕ ਗਣਰਾਜ ਦੀ ਟੀਮ ਕਰੋਨਾ ਕੋੋਲੋਂ ਹਾਰ ਗਈ। ਦਰਅਸਲ ਚੈੱਕ ਗਣਰਾਜ ਦਾ ਮੁਕਾਬਲਾ ਜਾਪਾਨ ਦੀ ਟੀਮ ਨਾਲ ਹੋਣਾ ਸੀ, ਪਰ ਮਹਿਮਾਨ ਟੀਮ ਦੀਆਂ ਦੋ ਖਿਡਾਰਨਾਂ ਮਾਰਕੇਟਾ ਸਲੂਕੋਵਾ ਤੇ ਬਾਰਬਰਾ ਹਰਮਾਨੋਵਾ ਕਰੋਨਾ ਪਾਜ਼ੇਟਿਵ ਮਿਲੀਆਂ। ਪ੍ਰਬੰਧਕੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮੁਕਾਬਲੇ ’ਚ ਜਾਪਾਨ ਨੂੰ ਬਿਨਾਂ ਮੈਚ ਖੇਡੇ ਜੇਤੂ ਐਲਾਨ ਦਿੱਤਾ ਗਿਆ।
ਟਰੈੱਡ ਮਿਲ ਵਾਲੀ ਅਥਲੀਟ
ਉਦਘਾਟਨੀ ਸਮਾਰੋਹ ਵਿੱਚ ਟਰੈੱਡ ਮਿੱਲ ’ਤੇ ਦੌੜ ਕੇ ਜਿਹੜੀ ਅਥਲੀਟ ਦਰਸ਼ਕਾਂ ਦੇ ਦਿਲਾਂ ਅਤੇ ਮੀਡੀਆ ’ਚ ਛਾ ਗਈ, ਉਹ ਜਾਪਾਨ ਦੀ 27 ਸਾਲਾ ਆਰਿਸਾ ਸੁਬਾਤਾ ਹੈ। ਉਸ ਦਾ ਸੁਫ਼ਨਾ ਸੀ ਕਿ ਉਹ ਓਲੰਪਿਕ ਦੇ ਮੁੱਕੇਬਾਜ਼ੀ ਮੁਕਾਬਲਿਆਂ ’ਚ ਹਿੱਸਾ ਲਵੇ। ਉਹ ਇਸ ਮੰਤਵ ਲਈ ਪ੍ਰੈਕਟਿਸ ਵੀ ਕਰਦੀ ਆ ਰਹੀ ਸੀ, ਪਰ ਕਰੋਨਾ ਨੇ ਸਮੀਕਰਨ ਬਦਲ ਦਿੱਤੇ। ਵਿਸ਼ਵਾ ਦਰਜਾਬੰਦੀ ’ਚ ਤਬਦੀਲੀ ਹੋਣ ਕਾਰਨ ਸੁਬਾਤਾ ਕੁਆਲੀਫਾਈ ਨਹੀਂ ਕਰ ਸਕੀ, ਪਰ ਟਰੈੱਡ ਮਿੱਲ ’ਤੇ ਦੌੜ ਕੇ ਉਸ ਨੇ ਓਲੰਪਿਕ ’ਚ ਹਿੱਸਾ ਲੈਣ ਦਾ ਆਪਣਾ ਸੁਫ਼ਨਾ ਪੂਰਾ ਕਰ ਲਿਆ। ਸੁਬਾਤਾ ਪੇਸ਼ੇ ਵਜੋਂ ਨਰਸ ਹੈ ਤੇ ਉਹ ਕੋਵਿਡ ਦੇ ਮਰੀਜ਼ਾਂ ਦੀ ਸੰਭਾਲ ’ਚ ਵੀ ਮੋਹਰੀ ਰਹੀ ਹੈ। ਉਸ ਦੀ ਸ਼ਮੂਲੀਅਤ ਨਾਲ ਇਨ੍ਹਾਂ ਔਖੇ ਵੇਲਿਆਂ ’ਚ ਵੀ ਦ੍ਰਿੜ ਇਰਾਦੇ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ ਹੈ।
ਵੀਡੀਓ ਗੇਮ ਮਿਊਜ਼ਿਕ
ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਗਮ ਵਿੱਚ ਵੀਡੀਓ ਗੇਮਜ਼ ਵਾਲੇ ਮਿਊਜ਼ਿਕ ਦੀ ਵਰਤੋਂ ਕੀਤੀ ਗਈ। ਜਦੋਂ ਵੱਖ ਵੱਖ ਦੇਸ਼ਾਂ ਦੇ ਜਥੇ ਮਾਰਚ ਪਾਸਟ ਕਰ ਰਹੇ ਸਨ ਤਾਂ ਪਿਛੋਕੜ ’ਚ ਵੀਡੀਓ ਗੇਮਜ਼ ਵਾਲੀਆਂ ਧੁਨਾਂ ਵੱਜ ਰਹੀਆਂ ਸਨ। ਇਹ ਧੁਨਾਂ ਜਾਪਾਨ ਦੀਆਂ ਮਸ਼ਹੂਰ ਗੇਮਜ਼ ‘ਫਾਈਨਲ ਫੈਂਟੇਸੀ, ਡਰੈਗਨ ਕੁਐਸਟ ਤੇ ਕਿੰਗਡਮ ਹਾਰਟਸ’ ਵਿੱਚੋਂ ਲਈਆਂ ਗਈਆਂ ਸਨ।