ਮੁੰਬਈ: ਭਾਰਤੀ ਕ੍ਰਿਕਟ ਬੋਰਡ ਦੀ ਮੰਗਲਵਾਰ ਨੂੰ ਇੱਥੇ ਹੋਣ ਵਾਲੀ ਸਾਲਾਨਾ ਆਮ ਬੈਠਕ (ਏਜੀਐੱਮ) ਵਿੱਚ ਭਾਰਤ ਦੇ ਸਾਬਕਾ ਕ੍ਰਿਕਟਰ ਰੋਜਰ ਬਿੰਨੀ, ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਜਗ੍ਹਾ ਬੋਰਡ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਇਸ ਦੌਰਾਨ ਆਈਸੀਸੀ ਚੇਅਰਮੈਨ ਦੇ ਅਹੁਦੇ ਸਬੰਧੀ ਵੀ ਚਰਚਾ ਹੋਵੇਗੀ। ਮੈਂਬਰ ਇਸ ਗੱਲ ’ਤੇ ਚਰਚਾ ਕਰਨਗੇ ਕਿ ਕੀ ਬੀਸੀਸੀਆਈ ਨੂੰ ਆਈਸੀਸੀ ਚੇਅਰਮੈਨ ਦੇ ਅਹੁਦੇ ਲਈ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ ਜਾਂ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਨੂੰ ਦੂਜੇ ਕਾਰਜਕਾਲ ਲਈ ਸਮਰਥਨ ਦੇਣਾ ਚਾਹੀਦਾ ਹੈ। ਆਈਸੀਸੀ ਦੇ ਸਿਖਰਲੇ ਅਹੁਦੇ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 20 ਅਕਤੂਬਰ ਹੈ। ਗਾਂਗੁਲੀ ਦੇ ਬੀਸੀਸੀਆਈ ਛੱਡਣ ਦੀ ਖੇਡਾਂ ਤੋਂ ਇਲਾਵਾ ਸਿਆਸੀ ਹਲਕਿਆਂ ’ਚ ਵੀ ਕਾਫੀ ਚਰਚਾ ਹੋ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਆਈਸੀਸੀ ਦੇ ਸਿਖਰਲੇ ਅਹੁਦੇ ਲਈ ਇਸ ਸਾਬਕਾ ਕਪਤਾਨ ਦੇ ਨਾਮ ’ਤੇ ਵਿਚਾਰ ਕੀਤਾ ਜਾਂਦਾ ਹੈ ਜਾਂ ਨਹੀਂ।
ਬਿੰਨੀ ਬੀਸੀਸੀਆਈ ਏਜੀਐਮ ਵਿੱਚ ਗਾਂਗੁਲੀ ਦੀ ਥਾਂ ਬੋਰਡ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਸਰਬਸੰਮਤੀ ਨਾਲ ਚੁਣੇ ਜਾਣ ਵਾਲੇ ਬੀਸੀਸੀਆਈ ਦੇ ਹੋਰ ਅਹੁਦੇਦਾਰਾਂ ਵਿੱਚ ਜੈ ਸ਼ਾਹ (ਸਕੱਤਰ), ਆਸ਼ੀਸ਼ ਸ਼ੇਲਾਰ (ਖਜ਼ਾਨਚੀ), ਰਾਜੀਵ ਸ਼ੁਕਲਾ (ਮੀਤ ਪ੍ਰਧਾਨ) ਅਤੇ ਦੇਵਜੀਤ ਸੈਕੀਆ (ਸੰਯੁਕਤ ਸਕੱਤਰ) ਸ਼ਾਮਲ ਹਨ। ਅਰੁਣ ਧੂਮਲ ਆਈਪੀਐੱਲ ਦੇ ਨਵੇਂ ਚੇਅਰਮੈਨ ਹੋਣਗੇ। -ਪੀਟੀਆਈ
ਗਾਂਗੁਲੀ ਨੂੰ ਬੀਸੀਸੀਆਈ ਪ੍ਰਧਾਨ ਵਜੋਂ ਦੂਜਾ ਮੌਕਾ ਨਾ ਦੇਣ ਤੋਂ ਹੈਰਾਨ ਹਾਂ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਵਜੋਂ ਦੂਜਾ ਕਾਰਜਕਾਲ ਨਾ ਦੇਣ ਤੋਂ ਹੈਰਾਨ ਹਨ। ਉੱਤਰੀ ਬੰਗਾਲ ਦੇ ਦੌਰੇ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ’ਚ ਦਖਲ ਦੇਣ ਦੀ ਅਪੀਲ ਕਰਨਗੇ ਤਾਂ ਜੋ ਗਾਂਗੁਲੀ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਮੁਖੀ ਦੇ ਅਹੁਦੇ ਲਈ ਚੋਣ ਲੜਨ ਦੀ ਇਜਾਜ਼ਤ ਮਿਲ ਸਕੇ। ਉਧਰ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਜੇ ਮਮਤਾ ਸਾਬਕਾ ਭਾਰਤੀ ਕਪਤਾਨ ਬਾਰੇ ਇੰਨੇ ਚਿੰਤਤ ਹਨ ਤਾਂ ਉਹ ਸੌਰਵ ਨੂੰ ਅਦਾਕਾਰ ਸ਼ਾਹਰੁਖ ਖਾਨ ਦੀ ਥਾਂ ਸੂਬੇ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕਰ ਦੇਣ। -ਪੀਟੀਆਈ