ਦੁਬਈ: ਭਾਰਤ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇੰਗਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਮਹੀਨੇ ਦਾ ਆਈਸੀਸੀ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ। ਭੁਵਨੇਸ਼ਵਰ ਨੇ ਇੱਕ ਰੋਜ਼ਾ ਮੈਚਾਂ ਦੀ ਲੜੀ ’ਚ 4.64 ਦੀ ਔਸਤ ਨਾਲ ਛੇ ਵਿਕਟਾਂ ਅਤੇ ਪੰਜ ਟੀ-20 ਮੈਚਾਂ ਦੀ ਲੜੀ ’ਚ 6.38 ਦੀ ਔਸਤ ਨਾਲ ਚਾਰ ਵਿਕਟਾਂ ਲਈਆਂ। ਇਸ ਬਾਰੇ ਭੁਵਨੇਸ਼ਨਵਰ ਨੇ ਕਿਹਾ, ‘‘ਲੰਮੇ ਤੇ ਔਖੇ ਵਕਫੇ ਤੋਂ ਬਾਅਦ ਭਾਰਤ ਲਈ ਮੁੜ ਖੇਡਣ ਦੀ ਖ਼ੁਸ਼ੀ ਸੀ। ਇਸ ਦੌਰਾਨ ਮੈਂ ਆਪਣੀ ਸਿਹਤ ਅਤੇ ਤਕਨੀਕ ’ਤੇ ਕੰਮ ਕੀਤਾ। ਭਾਰਤ ਲਈ ਦੁਬਾਰਾ ਕ੍ਰਿਕਟ ਖੇਡ ਕੇ ਚੰਗਾ ਲੱਗ ਰਿਹਾ ਹੈ।’’ ਇਸੇ ਤਰ੍ਹਾਂ ਭਾਰਤ ਖ਼ਿਲਾਫ਼ ਇੱਕ ਰੋਜ਼ਾ ਮੈਚਾਂ ਦੀ ਲੜੀ ’ਚ ਇੱਕ ਸੈਂਕੜਾ ਤੇ ਦੋ ਨੀਮ ਸੈਂਕੜੇ ਬਣਾ ਕੇ ਮਹਿਲਾ ਬੱਲੇਬਾਜ਼ੀ ਦੀ ਦਰਜਾਬੰਦੀ ’ਚ ਸਿਖਰ ’ਤੇ ਪਹੁੰਚੀ ਦੱਖਣੀ ਅਫਰੀਕਾ ਦੀ ਲਿਜ਼ੇਲ ਲੀ ਨੂੰ ਸਰਬੋਤਮ ਖਿਡਾਰਨ ਚੁਣਿਆ ਗਿਆ ਹੈ। -ਪੀਟੀਆਈ