ਟ੍ਰਿਬਿਊਨ ਨਿਊਜ਼ ਸਰਵਿਸ
ਐਸਏਐਸ ਨਗਰ (ਮੁਹਾਲੀ), 1 ਦਸੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁੱਲਾਂਪੁਰ ਗਰੀਬਦਾਸ ਨੇੜੇ ਬਣ ਰਹੇ ਕ੍ਰਿਕਟ ਸਟੇਡੀਅਮ (ਨਿਊ ਚੰਡੀਗੜ੍ਹ) ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਟੇਡੀਅਮ ਤਿਆਰ ਹੋ ਗਿਆ ਹੈ ਤੇ ਇਥੇ ਮੈਚ ਹੋ ਸਕਦੇ ਹਨ। ਸਟੇਡੀਅਮ ਦੀਆਂ ਹੋਰ ਇਮਾਰਤਾਂ ਵੀ ਜਲਦ ਹੀ ਤਿਆਰ ਹੋ ਜਾਣਗੀਆਂ। ਸ੍ਰੀ ਸ਼ਾਹ ਨੇ ਚੰਡੀਗੜ੍ਹ ਦੇ ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਦਾ ਵੀ ਜਾਇਜ਼ਾ ਲਿਆ। ਇਸ ਤੋਂ ਬਾਅਦ ਸ਼ਾਹ ਨੇ ਟਵੀਟ ਕਰ ਕੇ ਕਿਹਾ ਕਿ ਮੁੱਲਾਂਪੁਰ ਗਰੀਬਦਾਸ ਤੇ ਦੇਹਰਾਦੂਨ ਦੇ ਸਟੇਡੀਅਮ ਅਤੇ ਮਸੂਰੀ ਅਕਾਦਮੀ ਉਭਰਦੇ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਨਗੇ।