ਨਵੀਂ ਦਿੱਲੀ: ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਅੱਜ ਕਿਹਾ ਕਿ ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਬਾਕੀ ਮੈਚ ਕਰਵਾਉਣ ਲਈ ਭਾਰਤ ਵੱਲੋਂ ਇੰਗਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਪੰਜ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪ੍ਰੋਗਰਾਮ ਵਿੱਚ ਬਦਲਾਅ ਕਰਨ ਸਬੰਧੀ ਕੋਈ ਅਪੀਲ ਨਹੀਂ ਕੀਤੀ। ਬ੍ਰਿਟਿਸ਼ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਬੀਸੀਸੀਆਈ ਚਾਰ ਅਗਸਤ ਤੋਂ ਸ਼ੁਰੂ ਹੋਣ ਵਾਲੀ ਲੜੀ ਨੂੰ ਇੱਕ ਹਫ਼ਤੇ ਪਹਿਲਾਂ ਮੁਲਤਵੀ ਕਰਨਾ ਚਾਹੁੰਦੀ ਹੈ ਤਾਂ ਕਿ ਆਈਪੀਐੱਲ ਦੇ ਬਾਕੀ ਬਚੇ 31 ਮੈਚ ਕਰਵਾਏ ਜਾ ਸਕਣ। ਹਾਲਾਂਕਿ ਈਸੀਬੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਇਹ ਲੜੀ ਕਰਵਾਉਣਗੇ ਕਿਉਂਕਿ ਭਾਰਤੀ ਕ੍ਰਿਕਟ ਬੋਰਡ ਨੇ ਹਾਲੇ ਤੱਕ ਬਦਲਾਅ ਲਈ ਕੋਈ ਅਧਿਕਾਰਤ ਅਪੀਲ ਨਹੀਂ ਕੀਤੀ। -ਪੀਟੀਆਈ