ਨਵੀਂ ਦਿੱਲੀ, 3 ਦਸੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ 24 ਦਸੰਬਰ ਨੂੰ ਹੋਣ ਵਾਲੇ ਸਾਲਾਨਾ ਇਜਲਾਸ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਅਗਲੇ ਸੀਜ਼ਨ ਵਿੱਚ ਦੋ ਨਵੀਆਂ ਟੀਮਾਂ ਨੂੰ ਸ਼ਾਮਲ ਕਰਨ, ਕੌਮਾਂਤਰੀ ਕ੍ਰਿਕਟ ਕੌਂਸਲ ਵਿੱਚ ਭਾਰਤ ਦੇ ਨੁਮਾਇੰਦੇ ਦੀ ਨਿਯੁਕਤੀ ਤੇ ਤਿੰਨ ਨਵੇਂ ਕੌਮਾਂਤਰੀ ਚੋਣਕਾਰਾਂ ਦੀ ਨਿਯੁਕਤੀ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਹੋਵੇਗੀ। ਮੀਟਿੰਗ ਦੇ ਏਜੰਡੇ ਵਿੱਚ ਨਵੇਂ ਉਪ ਪ੍ਰਧਾਨ ਦੀ ਚੋਣ ਦਾ ਮੁੱਦਾ ਵੀ ਸ਼ਾਮਲ ਹੈ। ਨੇਮਾਂ ਮੁਤਾਬਕ ਬੋਰਡ ਨੇ ਮੈਂਬਰ ਰਾਜਾਂ ਦੀਆਂ ਇਕਾਈਆਂ ਨੂੰ 23 ਨੁਕਤਿਆਂ ਦਾ ਏਜੰਡਾ ਭੇਜਿਆ ਹੈ। ਸੂਤਰਾਂ ਦੀ ਮੰਨੀਏ ਤਾਂ ਆਈਪੀਐੱਲ ਦੀਆਂ ਦੋ ਨਵੀਆਂ ਟੀਮਾਂ ’ਚੋਂ ਇਕ ਟੀਮ ਅਹਿਮਦਾਬਾਦ ਦੀ ਪੱਕੀ ਹੈ ਜਦੋਂਕਿ ਦੂਜੀ ਟੀਮ ਵਜੋਂ ਪੁਣੇ, ਲਖਨਊ ਜਾਂ ਕਾਨਪੁਰ ’ਚੋਂ ਕਿਸੇ ਇਕ ਟੀਮ ’ਤੇ ਸਹਿਮਤੀ ਬਣ ਸਕਦੀ ਹੈ। ਅਡਾਨੀ ਗਰੁੱਪ ਤੇ ਸੰਜੀਵ ਗੋਇੰਕਾ (ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਮਾਲਕ) ਨਵੀਆਂ ਟੀਮਾਂ ਲਈ ਦਾਅ ਲਾਉਣ ਵਿੱਚ ਦਿਲਚਸਪੀ ਰੱਖਦੇ ਹਨ। -ਪੀਟੀਆਈ