ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 30 ਅਕਤੂਬਰ
ਪਿੰਡ ਗੁਡਾਣਾ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ ਪਹਿਲਾ ਖੇਡ ਮੇਲਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਜੌਨੀ ਨੇ ਕੀਤਾ ਅਤੇ ਇਨਾਮਾਂ ਦੀ ਵੰਡ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ‘ਆਪ’ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਨੇ ਕੀਤੀ।
ਕਲੱਬ ਮੈਂਬਰ ਜਗਤਾਰ ਸਿੰਘ, ਅਭਿਸ਼ੇਕ, ਗੁਰਤੇਜ, ਗੁਰਸੇਵਕ, ਪਰਮਿੰਦਰ, ਮੇਜਰ, ਹਰਦੀਪ, ਬਹਾਦਰ ਤੇ ਬਲਕਾਰ ਸਿੰਘ ਦੀ ਅਗਵਾਈ ਹੇਠ ਹੋਏ ਟੂਰਨਾਮੈਂਟ ਦੇ ਨਤਜਿਆਂ ਵਿੱਚ ਖੋ-ਖੋ ਲੜਕਿਆਂ ਵਿੱਚ ਗੁਡਾਣਾ-ਏ ਪਹਿਲੇ ਅਤੇ ਗੁਡਾਣਾ-ਬੀ ਦੂਜੇ ਨੰਬਰ ’ਤੇ ਰਹੇ। ਲੜਕੀਆਂ ਵਿੱਚ ਗੁਡਾਣਾ ਪਹਿਲੇ ਅਤੇ ਗੀਗੇਮਾਜਰਾ ਦੂਜਾ ਸਥਾਨ ’ਤੇ ਰਿਹਾ।
ਕਬੱਡੀ 42 ਕਿਲੋ ਵਿੱਚ ਸੋਹਾਣਾ ਪਹਿਲੇ, ਨੰਦਪੁਰ ਕਲੌੜ ਦੂਜੇ ਅਤੇ 52 ਕਿਲੋ ਵਿੱਚ ਪੀਰਖਣਾ (ਹਰਿਆਣਾ) ਪਹਿਲੇ ਅਤੇ ਬਠਲਾਣਾ ਦੂਜੇ, 60 ਕਿਲੋ ਵਿੱਚ ਬਠਲਾਣਾ ਪਹਿਲੇ ਅਤੇ ਹੀਰਾਂ (ਲੁਧਿਆਣਾ) ਦੂਜੇ ਸਥਾਨ ’ਤੇ ਰਿਹਾ। ਨੈਸ਼ਨਲ ਸਟਾਈਲ ਅੰਡਰ-14 ਵਿੱਚ ਸੈਕਟਰ-47 ਚੰਡੀਗੜ੍ਹ ਪਹਿਲੇ, ਤਸਿੰਬਲੀ ਦੂਜੇ ਸਥਾਨ ’ਤੇ ਰਿਹਾ। ਅੰਡਰ-21 ਵਿੱਚ ਮਲੋਆ ਪਹਿਲੇ ਅਤੇ ਤਸਿੰਬਲੀ ਦੂਜੇ ’ਤੇ ਰਿਹਾ। ਇਸ ਮੌਕੇ ਸਤਨਾਮ ਸਿੰਘ ਫੌਜੀ, ਸਤਨਾਮ ਸਿੰਘ ਵੇਰਕਾ ਡਾਇਰੀ, ਧਰਮਿੰਦਰ ਸਿੰਘ, ਮਿੰਦ ਆਸਟ੍ਰੇਲੀਆ, ਬੰਤ ਸਿੰਘ ਆਦਿ ਨੇ ਵੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਬੈਡਮਿੰਟਨ ਚੈਂਪੀਅਨਸ਼ਿਪ; ਚਿਤਰਾਂਸ਼ੂ ਅਤੇ ਪਾਰਥ ਦੀ ਜੋੜੀ ਜੇਤੂ
ਐੱਸ.ਏ.ਐੱਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਮੁਹਾਲੀ ਦੀ ਦੋ ਰੋਜ਼ਾ ਸਬ-ਜੂਨੀਅਰ ਅਤੇ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ। ਸੈਕਟਰ-78 ਦੇ ਬਹੁ-ਮੰਤਵੀ ਖੇਡ ਭਵਨ ਵਿੱਚ ਅੱਜ ਸਮਾਪਤ ਹੋਏ ਟੂਰਨਾਮੈਂਟ ਦੇ ਜੇਤੂਆਂ ਨੂੰ ਸਰਟੀਫ਼ਿਕੇਟ, ਮੈਡਲ ਅਤੇ ਟਰਾਫ਼ੀਆਂ ਪ੍ਰਦਾਨ ਕੀਤੀਆਂ ਗਈਆਂ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਿੰਦਰ ਸ਼ਰਮਾ ਨੇ ਦੱਸਿਆ ਕਿ ਅੰਡਰ-15 ਲੜਕਿਆਂ ਦੇ ਸਿੰਗਲ ਮੈਚ ਵਿੱਚ ਚਿਤਰਾਂਸ਼ੂ ਅਤੇ ਡਬਲਜ਼ ਵਿੱਚ ਚਿਤਰਾਂਸ਼ੂ ਅਤੇ ਪਾਰਥ ਸ਼ਰਮਾ ਜੇਤੂ ਰਹੇ। ਲੜਕੀਆਂ ਦੇ ਸਿੰਗਲਜ਼ ਵਿੱਚ ਸੁਖਮੀਤ ਕੌਰ ਅਤੇ ਡਬਲਜ਼ ਵਿੱਚ ਕਵਨਪ੍ਰੀਤ ਅਤੇ ਸਮਿਸ਼ਠਾ ਜੇਤੂ ਰਹੇ। ਅੰਡਰ-17 ਲੜਕਿਆਂ ਦੇ ਸਿੰਗਲਜ਼ ਵਿੱਚ ਅਦਿੱਤਿਆ ਅਤੇ ਡਬਲਜ਼ ਵਿੱਚ ਕ੍ਰਿਸ ਤੇ ਕਨਵ ਸ਼ਰਮਾ ਨੇ ਬਾਜ਼ੀ ਮਾਰੀ। ਲੜਕੀਆਂ ਦੇ ਸਿੰਗਲਜ਼ ਵਿੱਚ ਸਾਰਾ ਸੂਦ ਅਤੇ ਡਬਲਜ਼ ਵਿੱਚ ਐਸ਼ਵਰਿਆ ਮਿਸ਼ਰਾ ਤੇ ਪ੍ਰਨੀਤ ਕੌਰ ਜੇਤੂ ਰਹੇ। ਅੰਡਰ-19 ਗਰਲਜ਼ ਡਬਲਜ਼ ਵਿੱਚ ਸਾਰਾ ਸੂਦ ਅਤੇ ਖੁਸ਼ੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਨਵ ਸ਼ਰਮਾ ਅਤੇ ਸਾਰਾ ਸੂਦ ਨੇ ਅੰਡਰ-17 ਮਿਕਸ ਡਬਲਜ਼ ਵਰਗ ਵਿੱਚ ਜਿੱਤ ਦਰਜ ਕੀਤੀ।