ਮਨੋਜ ਸ਼ਰਮਾ/ ਧਰਮਪਾਲ ਤੂਰ
ਬਠਿੰਡਾ/ ਸੰਗਤ ਮੰਡੀ, 29 ਜਨਵਰੀ
ਪੰਜਾਬ ਦੇ ਇੱਕੋ-ਇੱਕ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਪੋਰਟਸ ਸਕੂਲ ਘੁੱਦਾ ਨੂੰ ਨਿੱਜੀ ਹੱਥਾਂ ਵਿੱਚ ਦੇਣ ਖ਼ਿਲਾਫ਼ ਇਲਾਕੇ ਦੇ ਲੋਕਾਂ ਵਿਚ ਰੋਸ ਹੈ। ਅੱਜ ਸਕੂਲ ਦੇ ਗੇਟ ਅੱਗੇ ਧਰਨਾ ਲਾਇਆ ਗਿਆ ਅਤੇ ਵੱਖ ਵੱਖ ਯੂਨੀਅਨਾਂ ਵੱਲੋਂ ਰੋਸ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਇਹ ਸਕੂਲ 2011 ਵਿੱਚ ਵਿਸ਼ੇਸ਼ ਮਸਕਦ ਲਈ ਖੋਲ੍ਹਿਆ ਗਿਆ ਸੀ ਅਤੇ ਵਿਸ਼ੇਸ਼ ਸਹੂਲਤਾਂ ਨਾਲ ਲੈਸ ਹੈ। ਇਥੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜਾਈ ਤੋਂ ਬਿਨਾਂ ਖਾਣ ਪੀਣ ਅਤੇ ਰਿਹਾਇਸ਼ ਵੀ ਮੁਫ਼ਤ ਵਿੱਚ ਮੁੱਹਈਆ ਕੀਤੀ ਜਾਂਦੀ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਹ ਸਕੂਲ ਸਰਕਾਰੀ ਬੇ-ਰੁਖੀ ਦਾ ਸ਼ਿਕਾਰ ਹੋ ਰਿਹਾ ਹੈ।
2017 ਤੋਂ ਬਾਅਦ ਸਕੂਲ ਨੂੰ ਕੋਈ ਸਰਕਾਰੀ ਗਰਾਂਟ ਨਹੀਂ ਮਿਲੀ ਜਿਸ ਕਾਰਨ ਅਧਿਆਪਕਾਂ ਅਤੇ ਕੋਚਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਤੋਂ ਵਾਂਝਾ ਰੱਖਿਆ ਹੋਇਆ ਹੈ। ਵਿਦਿਆਰਥੀਆਂ ਨੂੰ ਮਿਲਦੀਆਂ ਸਹੂਲਤਾਂ ’ਤੇ ਕੱਟ ਲਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਵਿਦਿਆਰਥੀਆਂ ਦੇ ਖਾਣੇ ਦਾ ਮਿਆਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸਪੋਰਟਸ ਸਕੂਲ ਨੂੰ ਲੈ ਕੇ ਸਟਾਫ਼ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਤਾਂ ਅਧਿਕਾਰੀਆਂ ਵੱਲੋਂ ਸਟਾਫ ਅੱਗੇ ਤਿੰਨ ਤਜਵੀਜ਼ਾਂ ਰੱਖੀਆਂ ਜਿਨ੍ਹਾਂ ਤਹਿਤ ਵਿਦਿਆਰਥੀਆਂ ਤੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ ਵਸੂਲਣ ਦੀ ਗੱਲ ਕੀਤੀ ਅਤੇ ਸਕੂਲ ਨੂੰ ਕਿਸੇ ਨਿੱਜੀ ਕੰਪਨੀ ਵੱਲੋਂ ਚਲਾਉਣ ਦਾ ਪ੍ਰਸਤਾਵ ਰੱਖਿਆ। 5 ਫਰਵਰੀ ਨੂੰ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫਦ ਇਸੇ ਮਸਲੇ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਜਾਵੇਗਾ। ਧਰਨੇ ਦੀ ਸਮਾਪਤੀ ਤੋਂ ਬਾਅਦ ਪਿੰਡ ਦੇ ਬੱਸ ਅੱਡੇ ਤੱਕ ਰੋਹ ਭਰਪੂਰ ਮਾਰਚ ਕੀਤਾ ਗਿਆ ਅਤੇ ਸਰਕਾਰੀ ਤਜਵੀਜ਼ਾਂ ਨੂੰ ਅਗਨ ਭੇਟ ਕੀਤਾ ਗਿਆ। ਅੱਜ ਦੇ ਇਸ ਧਰਨੇ ਨੂੰ ਸਕੂਲ ਸਟਾਫ ਵੱਲੋਂ ਅਮਨਦੀਪ ਕੌਰ ਅਤੇ ਗਗਨਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਮਰੀਕ ਸਿੰਘ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ, ਡੀਟੀਐੱਫ ਵੱਲੋਂ ਰੇਸ਼ਮ ਸਿੰਘ ਅਤੇ ਹਰਜੀਤ ਜੀਦਾ,ਠੇਕਾ ਮੁਲਾਜ਼ਮ ਮੋਰਚਾ ਪਾਵਰਕਾਮ ਦੇ ਗੁਰਵਿੰਦਰ ਪੰਨੂ, ਡਾਕਟਰ ਯੂਨੀਅਨ ਵੱਲੋਂ ਗੁਰਦੀਪ ਸਿੰਘ ਘੁੱਦਾ, ਲੋਕ ਮੋਰਚਾ ਦੇ ਪਰਮਜੀਤ ਕੌਰ, ਸਕੂਲ ਦੇ ਸਾਬਕਾ ਚੇਅਰਮੈਨ ਬਚਿੱਤਰ ਸਿੰਘ, ਵਿਦਿਆਰਥੀ ਏਕਤਾ ਕਮੇਟੀ ਦੇ ਗੁਰਪ੍ਰੀਤ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਜਲ ਸੈਨੀਟੇਸ਼ਨ ਵਿਭਾਗ ਦੇ ਆਗੂਆਂ ਨੇ ਸੰਬੋਧਨ ਕੀਤਾ। ਇਸ ਧਰਨੇ ਦੌਰਾਨ ਚਾਹ ਦੀ ਸੇਵਾ ਬਾਬਾ ਬਲੀਆ ਵੈਲਫੇਅਰ ਕਲੱਬ ਘੁੱਦਾ ਵੱਲੋਂ ਕੀਤੀ ਗਈ।