ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਅਕਤੂਬਰ
ਬਲੱਗਣ ਵਿਚ ‘ਭਾਈ ਘਨ੍ਹੱਈਆ ਜੀ ਯੂਥ ਕਲੱਬ’ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਬਸਰਾਵਾਂ ਦੀ ਟੀਮ ਨੇ ਕੱਪ ’ਤੇ ਕਬਜ਼ਾ ਕੀਤਾ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ 12 ਵਾਲੀਬਾਲ ਟੀਮਾਂ ਨੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਵਿੱਚ ਬਲੱਗਣ, ਢੇਸੀਆਂ, ਚੌਧਰਪੁਰ, ਕਾਹਨੂੰਵਾਨ, ਬਖਤਪੁਰ, ਭੁੰਬਲੀ, ਠੀਕਰੀਵਾਲ, ਬਸਰਾਵਾਂ, ਸੰਗਰ ਅਤੇ ਧੰਦਲ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਦੇ ਫਾਈਨਲ ’ਚ ਬਸਰਾਵਾਂ ਅਤੇ ਚੌਧਰਪੁਰ ਦਰਮਿਆਨ ਫਾਈਨਲ ਮੁਕਾਬਲਾ ਹੋਇਆ। ਫਾਈਨਲ ਮੈਚ ਵਿਚ ਬਸਰਾਵਾਂ ਨੇ ਖ਼ਿਤਾਬੀ ਮੈਚ ਜਿੱਤਿਆ।
ਜੱਗਾ ਬਾਹੜੋਵਾਲ ਨੇ ਵੱਡੀ ਝੰਡੀ ’ਤੇ ਕਬਜ਼ਾ ਕੀਤਾ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਇਲਾਕਾ ਬੀਤ ਦੇ ਪਿੰਡ ਝੋਣੋਵਾਲ ਵਿੱਚ ਗ੍ਰਾਮ ਪੰਚਾਇਤ ਝੋਣੋਵਾਲ ਵੱਲੋਂ ਸਰਪੰਚ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ। ਛਿੰਝ ਮੇਲੇ ਦੌਰਾਨ ਪੰਜਾਬ ਅਤੇ ਹਿਮਾਚਲ ਦੇ ਚੋਟੀ ਦੇ ਪਹਿਲਵਾਨਾਂ ਨੇ ਭਾਗ ਲਿਆ। ਝੰਡੀ ਦੀਆਂ ਕੁਸ਼ਤੀਆਂ ਵਿੱਚ ਜੋਤ ਲੱਲੀਆਂ ਨੇ ਅਮਨ ਜਲੰਧਰ, ਸ਼ੇਰਾ ਲੱਲੀਆਂ ਨੇ ਜਤਿਨ ਜ਼ੀਰਕਪੁਰ, ਕਾਲੂ ਬਾਹੜੋਵਾਲ ਨੇ ਰਾਹੁਲ ਲੱਲੀਆਂ, ਛੋਟਾ ਜੱਸਾ ਬਾਹੜੋਵਾਲ ਨੇ ਜੱਗਾ ਆਲਮਗੀਰ ਨੂੰ ਚਿੱਤ ਕੀਤਾ। ਵੱਡਾ ਜੱਗਾ ਬਾਹੜੋਵਾਲ ਨੇ ਬਲਕਾਰ ਲੱਲੀਆਂ ਨੂੰ ਚਿੱਤ ਕਰਕੇ ਵੱਡੀ ਝੰਡੀ ’ਤੇ ਕਬਜ਼ਾ ਕੀਤਾ।