ਜ਼ਿਊਰਿਖ/ਨਵੀਂ ਦਿੱਲੀ, 27 ਅਗਸਤ
ਵਿਸ਼ਵ ਫੁਟਬਾਲ ਗਵਰਨਿੰਗ ਬਾਡੀ ਫੀਫਾ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ’ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ, ਜਿਸ ਨਾਲ ਭਾਰਤ ਲਈ ਅਕਤੂਬਰ ਵਿੱਚ ਅੰਡਰ-17 (ਲੜਕੀਆਂ) ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਫੀਫਾ ਨੇ 15 ਅਗਸਤ ਨੂੰ ਏਆਈਐੱਫਐੱਫ ਨੂੰ ਮੁਅੱਤਲ ਕਰ ਦਿੱਤਾ ਸੀ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਫੀਫਾ ਵੱਲੋਂ ਪਾਬੰਦੀ ਹਟਾਉਣ ਦੇ ਲਏ ਗਏ ਫ਼ੈਸਲੇ ਨੂੰ ਫੁਟਬਾਲ ਪ੍ਰਸ਼ੰਸਕਾਂ ਦੀ ਜਿੱਤ ਕਰਾਰ ਦਿੱਤਾ ਹੈ। ਠਾਕੁਰ ਦੇ ਮੰਤਰਾਲੇ ਨੇ ਫੀਫਾ ਅਤੇ ਸੁਪਰੀਮ ਕੋਰਟ ਵਿਚਾਲੇ ਤਾਲਮੇਲ ਰਾਹੀਂ ਪਾਬੰਦੀ ਹਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੁਪਰੀਮ ਕੋਰਟ ਨੇ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਮਿਆਦ ਖਤਮ ਕਰ ਦਿੱਤੀ ਸੀ, ਜੋ ਪਾਬੰਦੀ ਹਟਾਉਣ ਦੀ ਪਹਿਲੀ ਸ਼ਰਤ ਸੀ। ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਹੁਣ ਭਾਰਤ ’ਚ 11 ਤੋਂ 30 ਅਕਤੂਬਰ ਤੱਕ ਹੋਵੇਗਾ। -ਪੀਟੀਆਈ
ਸਿਸਟਮ ਬਦਲਣ ਦਾ ਸਮਾਂ ਆਇਆ: ਭੂਟੀਆ
ਨਵੀਂ ਦਿੱਲੀ: ਏਆਈਐੱਫਐੱਫ ’ਤੇ ਲੱਗੀ ਪਾਬੰਦੀ ਹਟਣ ਮਗਰੋਂ ਭਾਰਤੀ ਫੁਟਬਾਲ ਖਿਡਾਰੀ ਬਾਇਚੁੰਗ ਭੂਟੀਆ ਨੇ ਕਿਹਾ ਕਿ ਹੁਣ ਸਿਸਟਮ ਬਦਲਣ ਦਾ ਸਮਾਂ ਆ ਗਿਆ ਹੈ। ਭੂਟੀਆ ਨੇ ਕਿਹਾ, ‘‘’ਇਹ ਬਹੁਤ ਵਧੀਆ ਖ਼ਬਰ ਹੈ। ਮੈਂ ਏਆਈਐੱਫਐੱਫ ਤੋਂ ਪਾਬੰਦੀ ਹਟਾਉਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਇਹ ਭਾਰਤੀ ਫੁਟਬਾਲ ਦੀ ਜਿੱਤ ਹੈ।’’