ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 11 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸ਼ੁਰੂ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਪੱਧਰੀ ਮੁਕਾਬਲੇ ਬਲਾਚੌਰ ਵਿੱਚ ਅੱਜ ਸਮਾਪਤ ਹੋ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਵਾਲੀਬਾਲ ਦੇ ਹੋਏ ਫ਼ਾਈਨਲ ਮੁਕਾਬਲਿਆਂ ’ਚ ਅੰਡਰ-14 ਉਮਰ ਵਰਗ ’ਚ ਨੋਰਵੁੱਡ ਸਕੂਲ ਚਾਹਲ ਦੀ ਟੀਮ ਨੇ ਪਹਿਲਾ ਅਤੇ ਨਵਾਂ ਪਿੰਡ ਟੱਪਰੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਾਲੀਬਾਲ ਅੰਡਰ-17 ’ਚ ਸਰਕਾਰੀ ਹਾਈ ਸਕੂਲ ਟਕਾਰਲਾ ਦੀ ਟੀਮ ਪਹਿਲੇ ਸਥਾਨ ’ਤੇੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਅੰਡਰ-21 ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਊਧਨੋਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 21 ਤੋਂ 40 ਸਾਲ ਉਮਰ ਵਰਗ ’ਚ ਧੱਕਤਾਣਾ ਦੀ ਟੀਮ ਨੇ ਪਹਿਲਾ ਅਤੇ ਮਹਾਰਾਜ ਭੂਰੀ ਵਾਲੇ ਸਪੋਰਟਸ ਕਲੱਬ ਬਲਾਚੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਬਲਾਕ ਪੱਧਰੀ ਖੇਡਾਂ ’ਚ ਸਹਿਯੋਗ ਦੇਣ ਵਾਲੀਆਂ ਅਕੈਡਮੀਆਂ, ਸਕੂਲਾਂ, ਕਾਲਜਾਂ, ਕੋਚਾਂ, ਸਕੂਲਾਂ ਦੇ ਡੀਪੀਈਜ਼ ਅਤੇ ਪੀਟੀਆਈਜ਼ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬਲਾਚੌਰ ਦੇ ਐੱਸਡੀਐੱਮ ਸੂਬਾ ਸਿੰਘ ਅਤੇ ਕਰਨਵੀਰ ਕਟਾਰੀਆ ਨੇ ਜੇਤੂ ਟੀਮਾਂ ਦਾ ਸਨਮਾਨ ਕੀਤਾ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਚੱਲਣ ਵਾਲੇ ਖੇਡਾਂ ਦੇ ਇਸ ਮਹਾ-ਕੁੰਭ ਦਾ ਅਗਲਾ ਪੜਾਅ 12 ਸਤੰਬਰ ਤੋਂ 22 ਸਤੰਬਰ ਤੱਕ ਚੱਲਣ ਵਾਲੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨਾਲ ਸ਼ੁਰੂ ਹੋਵੇਗਾ।