ਟੋਕੀਓ, 31 ਜੁਲਾਈ
ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਚੀਨੀ ਤਾਇਪੇ ਦੀ ਤਾਇ ਜੂ ਯਿੰਗ ਨੇ ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ.ਸਿੰਧੂ ਦਾ ਓਲੰਪਿਕ ਸੋਨ ਤਗ਼ਮਾ ਜਿੱਤਣ ਦਾ ਸੁਫ਼ਨਾ ਤੋੜ ਦਿੱਤਾ ਹੈ। ਸਿੰਧੂ ਸੈਮੀ ਫਾਈਨਲ ਮੁਕਾਬਲੇ ਵਿੱਚ ਆਪਣੀ ਵਿਰੋਧੀ ਤੋਂ ਸਿੱਧੇ ਗੇਮਾਂ ਵਿੱਚ 18-21, 12-21 ਨਾਲ ਹਾਰ ਗਈ। ਭਾਰਤੀ ਸ਼ਟਲਰ ਹੁਣ ਕਾਂਸੇ ਦੇ ਤਗ਼ਮੇ ਲਈ ਚੀਨ ਦੀ ਬਿੰਗ ਜਿਆਓ ਨਾਲ ਮੱਥਾ ਲਾਏਗੀ। ਉਂਜ ਸਿੰਧੂ ਕੋਲ ਅਜੇ ਵੀ ਓਲੰਪਿਕ ਵਿੱਚ ਦੋ ਵਿਅਕਤੀਗਤ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣਨ ਦਾ ਮੌਕਾ ਹੈ। ਜਿਆਓ ਅੱਜ ਖੇਡੇ ਪਹਿਲੇ ਸੈਮੀ ਫਾਈਨਲ ਵਿੱਚ ਹਮਵਤਨ ਚੇਨ ਯੂ ਫੇਈ ਤੋਂ 21-16, 13-21, 21-12 ਨਾਲ ਹਾਰ ਗਈ ਸੀ। ਪਿਛਲੇ ਪੰਜ ਸਾਲਾਂ ਵਿੱਚ ਵੱਡੇ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਵਾਲੀ ਸਿੰਧੂ ਚੀਨੀ ਤਾਇਪੇ ਦੀ ਖਿਡਾਰਨ ਦੇ ਚਤਰਾਈ ਵਾਲੇ ਖੇਡ ਦਾ ਜਵਾਬ ਆਪਣੀ ਹਮਲਾਵਰ ਖੇਡ ਨਾਲ ਨਹੀਂ ਦੇ ਸਕੀ। ਸਿੰਧੂ ਨੇ ਮੈਚ ਉਪਰੰਤ ਕਿਹਾ, ‘‘ਮੈਂ ਥੋੜ੍ਹੀ ਦੁਖੀ ਹਾਂ ਕਿਉਂਕਿ ਇਹ ਸੈਮੀ ਫਾਈਨਲ ਸੀ, ਪਰ ਮੈਂ ਆਪਣੇ ਵੱਲੋਂ ਸਿਖਰਲੀ ਕੋਸ਼ਿਸ਼ ਕੀਤੀ। ਅੱਜ ਦਾ ਦਿਨ ਮੇਰਾ ਨਹੀਂ ਸੀ। ਮੈਂ ਆਖਿਰ ਤੱਕ ਹਾਰ ਨਹੀਂ ਮੰਨੀ ਸੀ।’’ ਭਾਰਤੀ ਸ਼ਟਲਰ ਨੇ ਕਿਹਾ, ‘‘ਦੂਜੇ ਗੇਮ ਵਿੱਚ ਮੈਂ ਕਾਫ਼ੀ ਪੱਛੜ ਗਈ ਸੀ, ਫਿਰ ਵੀ ਚੁਣੌਤੀ ਪੇਸ਼ ਕਰ ਰਹੀ ਸੀ ਕਿਉਂਕਿ ਮੈਚ ਪਲਾਂ ’ਚ ਪਲਟ ਸਕਦਾ ਹੈ। ਇਹ ਓਲੰਪਿਕ ਹੈ ਤੇ ਤੁਸੀਂ ਅਖੀਰ ਤੱਕ ਚੁਣੌਤੀ ਪੇਸ਼ ਕਰਨੀ ਹੁੰਦੀ ਹੈ ਤੇ ਮੈਂ ਅਜਿਹਾ ਹੀ ਕੀਤਾ।’’ ਸਿੰਧੂ ਨੇ ਕਿਹਾ, ‘‘ਸੈਮੀ ਫਾਈਨਲ ਦਾ ਪੱਧਰ ਕਾਫ਼ੀ ਉੱਚਾ ਹੁੰਦਾ ਹੈ। ਤੁਸੀਂ ਆਸਾਨ ਅੰਕਾਂ ਦੀ ਉਮੀਦ ਨਹੀਂ ਕਰ ਸਕਦੇ। ਮੈਂ ਭਲਕੇ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰਾਂਗੀ।’’ ਸਿੰਧੂ ਤੇ ਤਾਇ ਜੂ ਨੇ ਸੈਮੀ ਫਾਈਨਲ ਤੋਂ ਪਹਿਲਾਂ ਹੁਣ ਤੱਕ 18 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਤਾਇਪੇ ਖਿਡਾਰਨ ਨੇ 13 ਮੈਚ ਜਿੱਤੇ ਸੀ ਤੇ ਅੱਜ ਵੀ ਉਸ ਨੇ ਆਪਣੇ ਇਸ ਦਬਦਬੇ ਨੂੰ ਕਾਇਮ ਰੱਖਿਆ। ਸਿੰਧੂ ਨੇ ਲੰਘੇ ਦਿਨ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਵਿਸ਼ਵ ਦਰਜਾਬੰਦੀ ’ਚ 5ਵੇਂ ਨੰਬਰ ਦੀ ਖਿਡਾਰਨ ਅਕਾਨੇ ਯਾਮਾਗੁਚੀ ਨੂੰ ਹਰਾਇਆ ਸੀ। -ਪੀਟੀਆਈ
‘ਹਾਰ ਭੁੱਲ ਕੇ ਨਵੀਂ ਸ਼ੁਰੂਆਤ ਕਰੇ ਸਿੰਧੂ’
ਹੈਦਰਾਬਾਦ: ਪੀ.ਵੀ.ਸਿੰਧੂ ਦੇ ਪਿਤਾ ਪੀ.ਵੀ.ਰਮੰਨਾ ਨੇ ਆਪਣੀ ਧੀ ਨੂੰ ਸਲਾਹ ਦਿੱਤੀ ਹੈ ਕਿ ਉਹ ਸੈਮੀ ਫਾਈਨਲ ਦੀ ਹਾਰ ਨੂੰ ਭੁਲਾ ਕੇ ਭਲਕੇ ਚੀਨ ਦੀ ਬਿੰਗ ਜਿਆਓ ਖ਼ਿਲਾਫ਼ ਕਾਂਸੇ ਦੇ ਤਗ਼ਮੇ ਲਈ ਮੈਚ ਵਿੱਚ ਨਵੇਂ ਸਿਰੇ ਤੋਂ ਸ਼ੁਰੂਆਤ ਕਰੇ। ਉਨ੍ਹਾਂ ਕਿਹਾ, ‘‘ਭਲਕੇ ਸਾਨੂੰ ਵਧੇਰੇ ਚੌਕਸ ਰਹਿਣਾ ਹੋਵੇਗਾ ਤੇ ਉਸ ਨੂੰ ਤਗ਼ਮਾ ਜਿੱਤਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ।’’ -ਪੀਟੀਆਈ