ਨਵੀਂ ਦਿੱਲੀ: ਦੋ ਵਾਰ ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਚੋਣ ਟ੍ਰਾਇਲ ਦੀ ਟਾਈਮਿੰਗ ’ਤੇ ਸਵਾਲ ਚੁਕਦਿਆਂ ਉਸ ਨੂੰ ਇਸ ਤੋਂ ਬਾਹਰ ਰੱਖਣ ਲਈ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਦੀ ਆਲੋਚਨਾ ਕੀਤੀ ਹੈ। ਬੈਡਮਿੰਟਨ ਐਸੋਸੀਏਸ਼ਨ ਨੇ ਦੋ ਅਪਰੈਲ ਨੂੰ ਚੋਣ ਟਰਾਇਲ ਰੱਖਿਆ ਸੀ ਜਿਸ ’ਚ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ ਦੇ ਨਾਲ ਬੈਂਕਾਕ ’ਚ ਅੱਠ ਤੋਂ 15 ਮਈ ਤੱਕ ਹੋਣ ਵਾਲੇ ਥੌਮਸ ਕੱਪ ਤੇ ਉਬਰ ਕੱਪ ਲਈ ਟੀਮ ਦੀ ਚੋਣ ਕੀਤੀ ਗਈ ਸੀ। ਦੁਨੀਆ ਦੀ ਸਾਬਕਾ ਨੰਬਰ ਇੱਕ ਖਿਡਾਰਨ ਸਾਇਨਾ ਨੇ ਕਿਹਾ ਕਿ ਉਸ ਨੇ ਐਸੋਸੀਏਸ਼ਨ ਨੂੰ ਇੰਦਰਾ ਗਾਂਧੀ ਸਟੇਡੀਅਮ ’ਚ ਹੋਏ ਟਰਾਇਲ ਤੋਂ ਬਾਹਰ ਰਹਿਣ ਦੀ ਸੂਚਨਾ ਦੇ ਦਿੱਤੀ ਸੀ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਇਨ੍ਹਾਂ ਟੂਰਨਾਮੈਂਟਾਂ ’ਚ ਹਿੱਸਾ ਨਹੀਂ ਲੈਣਾ ਚਾਹੁੰਦੀ ਸੀ। ਉਸ ਨੇ ਟਵੀਟ ਕੀਤਾ, ‘ਅਜਿਹੀਆਂ ਖ਼ਬਰਾਂ ਪੜ੍ਹ ਕੇ ਹੈਰਾਨ ਹਾਂ ਕਿ ਮੈਂ ਰਾਸ਼ਟਰ ਮੰਡਲ ਤੇ ਏਸ਼ਿਆਈ ਖੇਡਾਂ ’ਚ ਹਿੱਸਾ ਨਹੀਂ ਲੈਣਾ ਚਾਹੁੰਦੀ। ਮੈਂ ਯੂਰੋਪ ’ਚ ਤਿੰਨ ਹਫ਼ਤੇ ਖੇਡ ਕੇ ਮੁੜੀ ਹਾਂ ਤੇ ਇਸੇ ਕਾਰਨ ਟਰਾਇਲ ’ਚ ਹਿੱਸਾ ਨਹੀਂ ਲਿਆ। ਮੈਂ ਬੈਡਮਿੰਟਨ ਐਸੋਸੀਏਸ਼ਨ ਨੂੰ ਸੂਚਨਾ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਲਗਦਾ ਹੈ ਕਿ ਉਹ ਇਨ੍ਹਾਂ ਦੋਵਾਂ ਟੂਰਨਾਮੈਂਟਾਂ ’ਚੋਂ ਮੈਨੂੰ ਬਾਹਰ ਰੱਖ ਕੇ ਹੀ ਖੁਸ਼ ਹਨ।’ -ਪੀਟੀਆਈ