ਮੈਲਬਰਨ: ਟੈਨਿਸ ਦੇ ਸਿਖਰਲੇ ਦਰਜੇ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲਿਆਈ ਓਪਨ ਟੈਨਿਸ ਟੂਰਨਾਮੈਂਟ ’ਚ ਆਪਣਾ ਦਬਦਬਾ ਕਾਇਮ ਰੱਖਦਿਆਂ ਅੱਜ ਇਥੇ ਪੁਰਸ਼ ਸਿੰਗਲਜ਼ ਵਿੱਚ ਡੈਨਿਲ ਮੈਦਵੇਦੇਵ ਨੂੰ ਹਰਾ ਕੇ ਨੌਵੀਂ ਵਾਰ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਉਸ ਨੇ 18ਵਾਂ ਗਰੈਂਡਸਲੈਮ ਖਿਤਾਬ ਜਿੱਤ ਕੇ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ ਪੁਰਸ਼ ਸਿੰਗਲਜ਼ ਵਿੱਚ ਰਿਕਾਰਡ 20 ਗਰੈਂਡਸਲੈਮ ਖ਼ਿਤਾਬਾਂ ਦੀ ਬਰਾਬਰੀ ਕਰਨ ਵੱਲ ਕਦਮ ਵਧਾਇਆ ਹੈ। ਉਸ ਨੇ ਰੂਸ ਦੇ ਮੈਦਵੇਦੇਵ ਨੂੰ 7-5 6-2 6-2 ਨਾਲ ਹਰਾ ਕੇ ਮੈਲਬਰਨ ਪਾਰਕ ਵਿੱਚ ਲਗਾਤਾਰ ਤੀਜਾ ਖਿਤਾਬ ਜਿੱਤਿਆ। ਸਰਬੀਆ ਦੇ ਜੋਕੋਵਿਚ ਨੇ ਪਿਛਲੇ ਦਸ ਵੱਡੇ ਟੂਰਨਾਮੈਂਟਾਂ ’ਚੋਂ ਛੇ ਜਿੱਤਿਆ ਹੈ, ਜਿਸ ਨਾਲ ਘੱਟੋ-ਘੱਟ ਅੱਠ ਮਾਰਚ ਤਕ ਉਸ ਦਾ ਨੰਬਰ-1 ਖਿਡਾਰੀ ਬਣੇ ਰਹਿਣਾ ਤੈਅ ਹੈ। -ਪੀਟੀਆਈ
ਪੋਲਾਸੇਕ ਤੇ ਡੋਡਿਗ ਨੇ ਪੁਰਸ਼ ਡਬਲਜ਼ ਖਿਤਾਬ ਜਿੱਤਿਆ
ਮੈਲਬਰਨ: ਫਿਲਿਪ ਪੋਲਾਸੇਕ ਅਤੇ ਇਵਾਨ ਡੋਡਿਗ ਦੀ ਜੋੜੀ ਨੇ ਐਤਵਾਰ ਨੂੰ ਇਥੇ ਪਿਛਲੇ ਸਾਲ ਦੇ ਚੈਂਪੀਅਨ ਰਾਜੀਵ ਰਾਮ ਅਤੇ ਜੋ ਸੈਲਿਸਬਰੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਸਟਰੇਲਿਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਸਲੋਵਾਕੀਆ ਦੇ ਪੋਲਾਸੇਕ ਅਤੇ ਕ੍ਰੋਏਸ਼ੀਆ ਦੇ ਡੋਡਿਗ ਨੇ 88 ਮਿੰਟ ਚੱਲੇ ਇਸ ਮੈਚ ਵਿੱਚ ਅਮਰੀਕਾ ਦੇ ਰਾਜੀਵ ਰਾਮ ਅਤੇ ਬ੍ਰਿਟੇਨ ਦੇ ਸੈਲਸਬਰੀ ਦੀ ਜੋੜੀ ਨੂੰ 6-3, 6-4 ਨਾਲ ਹਰਾਇਆ। 35 ਸਾਲਾ ਪੋਲਾਸੇਕ ਨੇ ਇਹ ਜਿੱਤ ਆਪਣੀ ਨਵਜੰਮੀ ਧੀ ਨੂੰ ਸਮਰਪਿਤ ਕੀਤੀ ਹੈ। -ਪੀਟੀਆਈ