ਸਿਡਨੀ: ਭਾਰਤ ਅਤੇ ਆਸਟਰੇਲੀਆ ਦਰਮਿਆਨ ਤੀਜੇ ਟੈਸਟ ਦੌਰਾਨ ਕੁਝ ਦਰਸ਼ਕਾਂ ਵੱਲੋਂ ਭਾਰਤੀ ਖਿਡਾਰੀਆਂ ਖਿਲਾਫ਼ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਲਈ ਕ੍ਰਿਕਟ ਆਸਟਰੇਲੀਆ ਨੇ ਅੱਜ ਭਾਰਤ ਦੀ ਟੀਮ ਤੋਂ ਮੁਆਫੀ ਮੰਗੀ ਹੈ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਜਾਂਚ ਵਿੱਢ ਦਿੱਤੀ ਹੈ। ਬੀਤੇ ਦਿਨ ਖੇਡ ਖ਼ਤਮ ਹੋਣ ਮਗਰੋਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਨਸਲੀ ਟਿੱਪਣੀਆਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਅੱਜ ਫਿਰ ਸਿਰਾਜ ਨੇ ਮੈਚ ਦੌਰਾਨ ਦਰਸ਼ਕਾਂ ਵੱਲ ਇਸ਼ਾਰਾ ਕਰਦਿਆਂ ਅੰਪਾਇਰ ਨੂੰ ਸ਼ਿਕਾਇਤ ਕੀਤੀ। ਇਸ ਮਗਰੋਂ ਪੁਲੀਸ ਨੇ ਛੇ ਜਣਿਆਂ ਨੂੰ ਮੈਦਾਨ ’ਚੋਂ ਬਾਹਰ ਕੱਢ ਦਿੱਤਾ। ਇਸ ਸਬੰਧੀ ਕ੍ਰਿਕਟ ਆਸਟਰੇਲੀਆ ਨੇ ਵੀ ਨਿਊ ਸਾਊਥ ਵੇਲਜ਼ ਪੁਲੀਸ ਨਾਲ ਜਾਂਚ ਆਰੰਭ ਦਿੱਤੀ ਹੈ ਅਤੇ ਦੋਸ਼ੀ ਪਾਏ ਜਾਣ ’ਤੇ ਸਖ਼ਤ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਆਈਸੀਸੀ ਦੇ ਅਧਿਕਾਰੀ ਮਨੂ ਸਾਹਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਦੀ ਅਗਲੀ ਜਾਂਚ ਲਈ ਉਹ ਆਸਟਰੇਲੀਆ ਅਤੇ ਸਬੰਧਤ ਆਧਿਕਾਰੀਆਂ ਨੂੰ ਆਪਣਾ ਪੂਰਾ ਸਮਰਥਨ ਦੇਣਗੇ। ਉਨ੍ਹਾਂ ਕਿਹਾ ਕਿ ਖੇਡ ਵਿੱਚ ਨਸਲਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। -ਰਾਇਟਰਜ਼