ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਮਾਰਚ
ਸਰਕਾਰੀ ਰਣਬੀਰ ਕਾਲਜ ਦਾ 73ਵਾਂ ਸਾਲਾਨਾ ਖੇਡ ਸਮਾਰੋਹ ਪ੍ਰਿੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਡਾ. ਪਰਮਿੰਦਰ ਸਿੰਘ ਡਿਪਟੀ ਡਿਪਟੀ ਡਾਇਰੈਕਟਰ (ਕਾਲਜਾਂ) ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸਾਲਾਨਾ ਖੇਡ ਮੇਲੇ ਦਾ ਉਦਘਾਟਨ ਕੀਤਾ। ਸਮਾਗਮ ਦੀ ਸ਼ੁਰੂਆਤ ਵਿੱਚ ਕੀਤੇ ਮਾਰਚ ਪਾਸਟ ਦੌਰਾਨ ਐੱਨ.ਐੱਸ.ਐੱਸ, ਐੱਨ.ਸੀ.ਸੀ ਤੇ ਫਿਜ਼ੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਦਘਾਟਨੀ ਭਾਸ਼ਨ ਵਿਚ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਲਈ ਵੀ ਖੇਡਾਂ ਦੀ ਅਹਿਮੀਅਤ ਹੈ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਵਿਚ ਬੀ.ਏ ਭਾਗ ਪਹਿਲਾ ਦੇ ਗੁਰਵੀਰ ਸਿੰਘ ਅਤੇ ਮਨਪ੍ਰੀਤ ਕੌਰ ਬਿਹਤਰ ਅਥਲੀਟ ਚੁਣੇ ਗਏ ਹਨ। ਲੜਕਿਆਂ ਵਿੱਚੋਂ 100 ਮੀਟਰ ਦੌੜ ਵਿੱਚ ਗੁਰਜੀਵਨ ਸਿੰਘ ਨੇ ਪਹਿਲਾ ਅਤੇ ਰਿੰਕੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਗੁਰਵੀਰ ਸਿੰਘ ਨੇ ਪਹਿਲਾ ਅਤੇ ਰਿੰਕੂ ਨੇ ਦੂਸਰਾ ਸਥਾਨ ਲਿਆ। 400 ਮੀਟਰ ਦੌੜ ਵਿੱਚ ਗੁਰਵੀਰ ਸਿੰਘ ਨੇ ਪਹਿਲਾ ਅਤੇ ਪਵਨਪ੍ਰੀਤ ਨੇ ਦੂਸਰਾ ਸਥਾਨ, 1500 ਮੀਟਰ ਦੌੜ ਵਿੱਚ ਪਵਨਪ੍ਰੀਤ ਨੇ ਪਹਿਲਾ ਅਤੇ ਸੁਖਦੀਪ ਸਿੰਘ ਨੇ ਦੂਸਰਾ ਸਥਾਨ, ਉੱਚੀ ਛਾਲ ਵਿੱਚ ਜਿਨੇਸ਼ ਤਿਵਾੜੀ ਨੇ ਪਹਿਲਾ ਅਤੇ ਲਖਵਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ 100 ਮੀਟਰ ਦੌੜ ਵਿੱਚੋਂ ਮਨਪ੍ਰੀਤ ਕੌਰ ਨੇ ਪਹਿਲਾ ਅਤੇ ਰੱਜੀ ਕੌਰ ਨੇ ਦੂਸਰਾ ਸਥਾਨ, 200 ਮੀਟਰ ਦੌੜ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਅਤੇ ਕੁਲਵਿੰਦਰ ਕੌਰ ਨੇ ਦੂਸਰਾ ਸਥਾਨ ਸਥਾਨ ਹਾਸਲ ਕੀਤਾ।
ਨੈਸ਼ਨਲ ਕਾਲਜ ਵਿੱਚ ਖੇਡ ਮੁਕਾਬਲੇ
ਸਮਾਣਾ/ਘੱਗਾ (ਸੁਭਾਸ਼ ਚੰਦਰ/ਸ਼ਹਬਿਾਜ ਸਿੰਘ): ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚੁਪਕੀ ਵੱਲੋਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਪ੍ਰਿੰਸੀਪਲ ਕੁਲਵੰਤ ਕੌਰ ਸੰਧੂ ਅਤੇ ਪ੍ਰੋਫੈਸਰ ਗੁਰਨਾਮ ਸਿੰਘ ਦੀ ਅਗਵਾਈ ਵਿਚ ਅਥਲੈਟਿਕ ਮੀਟ ਦਾ ਉਦਘਾਟਨ ਡਾਇਰੈਕਟਰ ਆਰ.ਪੀ ਪਾਂਡਵ (ਪੀਐੱਸਪੀਸੀਐੱਲ) ਨੇ ਕੀਤਾ। ਅਥਲੈਟਿਕਸ ਵਿਚ 100, 200, 400 ਤੇ 800 ਮੀਟਰ ਦੇ ਮੁਕਾਬਲਿਆਂ ਦੇ ਨਾਲ ਲੌਂਗ ਜੰਪ, ਹਾਈ ਜੰਪ, ਸ਼ਾਟ ਪੁੱਟ, ਡਿਸਕਸ ਥਰੋਅ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਮੁੰਡਿਆਂ ਵਿਚ ਬਾਦਲ ਸ਼ੌਕੀਨ ਤੇ ਕੁੜੀਆਂ ਵਿਚ ਰੇਖਾ ਰਾਵਤ ਨੂੰ ਬਿਹਤਰ ਅਥਲੀਟ ਐਲਾਨਿਆ ਗਿਆ। ਖੇਡ ਸਮਾਰੋਹ ਦੇ ਸਮਾਪਨ ਮੌਕੇ ਨਗਰ ਨਿਗਮ ਕਮਿਸ਼ਨਰ ਲਾਲ ਵਿਸ਼ਵਾਸ ਨੇ ਹਾਜ਼ਰੀ ਭਰੀ। ਇਸ ਮੌਕੇ ਜਨਰਲ ਸਕੱਤਰ ਗੁਰਮੀਤ ਸਿੰਘ, ਇਸਮਤ ਵਿਜੈ ਸਿੰਘ, ਪ੍ਰੋ. ਮੋਹਨ ਚੰਦ ਤੇ ਕਾਲਜ ਦਾ ਹੋਰ ਸਟਾਫ ਹਾਜ਼ਰ ਸੀ।