ਅਲਮਾਟੀ: ਮੌਜੂਦਾ ਚੈਂਪੀਅਨ ਸਰਿਤਾ ਮੋਰ ਨੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ ਦੇ ਮੁਕਾਬਲੇ ਵਿੱਚ ਹਾਰ ਮਗਰੋਂ ਅੱਜ ਸ਼ਾਨਦਾਰ ਵਾਪਸੀ ਕਰਦਿਆਂ 59 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਥਾਂ ਬਣਾਈ ਹੈ, ਜਦਕਿ ਸੀਮਾ ਬਿਸਲਾ (50 ਕਿਲੋਗ੍ਰਾਮ) ਤੇ ਪੂੁਜਾ (76 ਕਿਲੋਗ੍ਰਾਮ) ਵਰਗ ’ਚ ਸੈਮੀਫਾਈਨਲ ਹਾਰਨ ਮਗਰੋਂ ਕਾਂਸੇ ਦੇ ਤਗ਼ਮੇ ਲਈ ਭਿੜਨਗੀਆਂ। ਨਵੀਂ ਦਿੱਲੀ ਵਿੱਚ 2020 ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਸਰਿਤਾ ਸ਼ੁਰੂਆਤੀ ਮੁਕਾਬਲੇ ਵਿੱਚ ਮੰਗੋਲੀਆ ਦੀ ਸ਼ੂਵਦੋਰ ਬਾਤਰਜਾਵ ਤੋਂ 4-5 ਦੇ ਫ਼ਰਕ ਨਾਲ ਹਾਰ ਗਈ ਸੀ ਪਰ ਉਸ ਨੇ ਅਗਲੇ ਦੌਰ ਵਿੱਚ ਕਜ਼ਾਖਸਤਾਨ ਦੀ ਡਾਇਨਾ ਕਾਯੂਮੋਵਾ ਖ਼ਿਲਾਫ਼ ਸ਼ਾਨਦਾਰ ਵਾਪਸੀ ਕੀਤੀ ਤੇ ਜਿੱਤ ਹਾਸਲ ਕੀਤੀ। ਇਸ ਮਗਰੋਂ ਉਸ ਨੇ ਕਿਰਗਿਜ਼ਤਾਨ ਦੀ ਨੂਰਾਇਦਾ ਅਨਾਰਕੁਲੋਵਾ ਖ਼ਿਲਾਫ਼ ਸੈਮੀਫਾਈਨਲ ਵਿੱਚ ਹਮਲਾਵਰ ਰੁਖ਼ ਜਾਰੀ ਰੱਖਿਆ ਤੇ ਫਾਈਨਲ ’ਚ ਥਾਂ ਬਣਾਈ। -ਪੀਟੀਆਈ