ਬਿਸ਼ਕੇਕ, 19 ਅਪਰੈਲ
ਭਾਰਤੀ ਪਹਿਲਵਾਨ ਅਮਨ ਸਹਿਰਾਵਤ, ਜੈਦੀਪ, ਸੁਮਿਤ ਮਲਿਕ ਤੇ ਦੀਪਕ (97 ਕਿੱਲੋ) ਏਸ਼ਿਆਈ ਕੁਆਲੀਫਾਇਰ ’ਚ ਹਾਰਨ ਕਰ ਕੇ ਪੈਰਿਸ ਓਲੰਪਿਕ ਖੇਡਾਂ ਲਈ ਕੋਟਾ ਹਾਸਲ ਕਰਨ ਤੋਂ ਖੁੰਝ ਗਏ, ਜਦਕਿ ਦੀਪਕ ਪੂਨੀਆ ਤੇ ਸੁਜੀਤ ਕਲੱਕਲ ਨੂੰ ਵਜ਼ਨ ਕਰਵਾਉਣ ਲਈ ਸਮੇਂ ਸਿਰ ਨਾ ਪਹੁੰਚ ਸਕਣ ਕਾਰਨ ਟੂਰਨਾਮੈਂਟ ’ਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ। ਟੂਰਨਾਮੈਂਟ ’ਚ ਔਰਤਾਂ ਦੇ ਮੁਕਾਬਲੇ ਸ਼ਨਿਚਰਵਾਰ ਨੂੰ ਹੋਣਗੇ ਜਿਸ ਵਿੱਚ ਸਭ ਤੋਂ ਵੱਧ ਨਜ਼ਰਾਂ ਵਿਨੇਸ਼ ਫੋਗਾਟ (50 ਕਿੱਲੋ) ’ਤੇ ਹੋਣਗੀਆਂ। ਪੈਰਿਸ ਓਲੰਪਿਕਸ ਲਈ ਆਖਰੀ ਵਿਸ਼ਵ ਕੁਆਲੀਫਾਇਰ ਮਈ ਮਹੀਨੇ ਤੁਰਕੀ ਵਿੱਚ ਹੋਵੇਗਾ।
ਅੱਜ ਅਮਨ ਸਹਿਰਾਵਤ ਨੇ 57 ਕਿਲੋ ਭਾਰ ਵਰਗ ’ਚ ਆਪਣੇ ਦੋ ਮੁਕਾਬਲਿਆਂ ’ਚ ਯੇਰਾਸਿਲ ਮੁਖਤਾਰੁਲੀ ਤੇ ਸੁੰਗਵੋਨ ਕਿਮ ਨੂੰ ਤਕਨੀਕੀ ਆਧਾਰ ’ਤੇ ਮਾਤ ਦਿੱਤੀ। ਹਾਲਾਂਕਿ ਉਹ ਸੈਮਫਾਈਨਲ ’ਚ ਉਜ਼ਬੇਕਿਸਤਾਨ ਦੇ ਗੁਲੋਮਜੋਨ ਅਬਦੁੱਲੇਵ ਖ਼ਿਲਾਫ਼ ਆਪਣੀ ਲੈਅ ਜਾਰੀ ਨਾ ਰੱਖਿਆ ਸਕਿਆ ਤੇ 10 ਅੰਕਾਂ ਨਾਲ ਪੱਛੜਨ ਕਾਰਨ ਹਾਰ ਗਿਆ। ਇਸ ਦੌਰਾਨ ਜੈਦੀਪ ਨੇ 74 ਕਿੱਲੋ ਵਰਗ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਤੁਰਕਮੇਨਿਸਤਾਨ ਦੇ ਅਲ ਅਰਸਲਾਨ ਬੇਗੇਨਜੋਵ ਨੂੰ ਹਰਾਇਆ ਪਰ ਉਹ ਕੁਆਰਟਰ ਫਾਈਨਲ ’ਚ ਕਿਰਗਿਜ਼ਸਤਾਨ ਦੇ ਓਰੋਜ਼ੋਬੇਕ ਤੋਕਤੋਮਮਬੇਤੋਵ ਖ਼ਿਲਾਫ਼ ਮੁਕਾਬਲਾ 2-2 ਨਾਲ ਬਰਾਬਰ ਹੋਣ ਮਗਰੋਂ ਹਾਰ ਗਿਆ। ਇਸ ਤੋਂ ਇਲਾਵਾ ਸੁਮਿਤ ਮਲਿਕ (125 ਕਿੱਲੋ ਭਾਰ ਵਰਗ) ਆਪਣੇ ਪਹਿਲੇ ਹੀ ਦੌਰ ’ਚ ਕਿਰਗਿਜ਼ਸਤਾਨ ਦੇ ਲਖਾਗਵਾਗੇਰੇਲ ਮੁਨਖਤੁਰ ਤੋਂ ਤਕਨੀਕੀ ਆਧਾਰ ’ਤੇ ਹਾਰ ਗਿਆ ਜਦਕਿ ਦੀਪਕ (97 ਕਿੱਲੋ ਭਾਰ ਵਰਗ) ਨੂੰ ਕੁਆਲੀਫਿਕੇਸ਼ਨ ਦੌਰ ’ਚ ਅਰਾਸ਼ ਯੋਸ਼ਿਦਾ ਤੋਂ ਤਕਨੀਕੀ ਆਧਾਰ ’ਤੇ ਹਾਰ ਮਿਲੀ।
ਇਸ ਤੋਂ ਪਹਿਲਾਂ ਦੁਬਈ ’ਚ ਖਰਾਬ ਮੌਸਮ ਕਾਰਨ ਦੀਪਕ ਪੂਨੀਆ ਤੇ ਸੁਜੀਤ ਦੀ ਉਡਾਣ ਦੇਰੀ ਨਾਲ ਬਿਸ਼ਕੇਕ ਪਹੁੰਚੀ। ਸੂਤਰਾਂ ਮੁਤਾਬਕ ਦੋਵੇਂ ਪਹਿਲਵਾਨ ਭਾਰੀ ਮੀਂਹ ਤੇ ਹੜ੍ਹ ਕਾਰਨ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਫਸੇ ਰਹੇ ਅਤੇ ਟੂਰਨਾਮੈਂਟ ’ਚ ਹਿੱਸਾ ਲੈਣ ਵਾਸਤੇ ਭਾਰ ਤੋਲਣ ਦੀ ਲੋੜੀਂਦੀ ਜ਼ਰੂਰੀ ਪ੍ਰਕਿਰਿਆ ਲਈ ਸਮੇਂ ਸਿਰ ਨਾ ਪਹੁੰਚ ਸਕੇ। ਸੂਤਰਾਂ ਨੇ ਦੱਸਿਆ ਕਿ ਭਾਰਤੀ ਕੋਚਾਂ ਵੱਲੋਂ ਅਪੀਲ ਕਰਨ ਦੇ ਬਾਵਜੂਦ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਆਗਿਆ ਨਾ ਦਿੱਤੀ। ਦੀਪਕ ਤੇ ਸੁਜੀਤ ਦਾਗਿਸਤਾਨ, ਰੂਸ ਵਿੱਚ ਟਰੇਨਿੰਗ ਲੈ ਰਹੇ ਸਨ ਤੇ ਉਨ੍ਹਾਂ ਨੇ ਮਕਾਚਕਲਾ ਤੋਂ ਦੁਬਈ ਰਾਹੀਂ ਬਿਸ਼ਕੇਕ ਜਾਣ ਦਾ ਫ਼ੈਸਲਾ ਕੀਤਾ ਸੀ ਜਿੱਥੇ ਉਹ ਭਾਰੀ ਮੀਂਹ ਕਾਰਨ ਫਸ ਗਏ ਸਨ। -ਪੀਟੀਆਈ