ਬੇਨ ਚੇਂਗ (ਥਾਈਲੈਂਡ), 12 ਦਸੰਬਰ
ਸੀਨੀਅਰ ਰੋਇੰਗ (ਕਿਸ਼ਤੀ) ਖਿਡਾਰੀ ਅਰਵਿੰਦ ਸਿੰਘ ਨੇ ਏਸ਼ਿਆਈ ਰੋਇੰਗ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਅੱਜ ਇੱਥੇ ਲਾਈਟਵੇਟ ਪੁਰਸ਼ ਸਿੰਗਲਜ਼ ਸਕੱਲਜ਼ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਤਿੰਨ ਹੋਰ ਭਾਰਤੀ ਖਿਡਾਰੀਆਂ ਨੇ ਤਿੰਨ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਅਰਵਿੰਦ ਸੱਤ ਮਿੰਟ 55.942 ਸੈਕਿੰਡ ਦੇ ਸਮੇਂ ਨਾਲ ਪਹਿਲੇ ਸਥਾਨ ’ਤੇ ਰਿਹਾ। ਅਰਵਿੰਦ ਨੇ ਪੁਰਸ਼ ਲਾਈਟਵੇਟ ਡਬਲ ਸਕੱਲਜ਼ ਵਿੱਚ ਅਰਜੁਨ ਲਾਲ ਜਾਟ ਨਾਲ ਉਜ਼ਬੇਕਿਸਤਾਨ, ਚੀਨ, ਵੀਅਤਨਾਮ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਖਿਡਾਰੀਆਂ ਨੂੰ ਪਛਾੜਿਆ। ਭਾਰਤ ਨੇ ਪੁਰਸ਼ ਲਾਈਟਵੇਟ ਡਬਲ ਸਕੱਲਜ਼, ਪੁਰਸ਼ ਕੁਆਡਰਪਲ (ਚਾਰ ਖਿਡਾਰੀਆਂ ਦੀ ਟੀਮ) ਅਤੇ ਪੁਰਸ਼ ਕੌਕਸਲੈਸ ਫੋਰ ਫਾਈਨਲ ਮੁਕਾਬਲੇ ਵਿੱਚ ਵੀ ਚਾਂਦੀ ਦੇ ਤਗ਼ਮੇ ਜਿੱਤੇ। ਭਾਰਤ ਨੇ ਟੂਰਨਾਮੈਂਟ ਵਿੱਚ ਦੋ ਸੋਨੇ ਅਤੇ ਚਾਰ ਤਗ਼ਮਿਆਂ ਸਣੇ ਕੁੱਲ ਛੇ ਤਗ਼ਮੇ ਜਿੱਤੇ ਹਨ। ਪੁਰਸ਼ ਲਾਈਟਵੇਟ ਡਬਲ ਸਕੱਲਜ਼ ਵਿੱਚ ਅਸ਼ੀਸ਼ ਫੋਗਾਟ ਅਤੇ ਸੁਖਜਿੰਦਰ ਸਿੰਘ ਨੇ ਸੱਤ ਮਿੰਟ 12.568 ਸੈਕਿੰਡ ਦਾ ਸਮਾਂ ਕੱਢਿਆ ਜਦਕਿ ਪੁਰਸ਼ ਕੁਆਡਰਪਲ ਸਕੱਲਜ਼ ਵਿੱਚ ਬਿੱਟੂ ਸਿੰਘ, ਜਾਕਰ ਖਾਨ, ਮਨਜੀਤ ਕੁਮਾਰ ਅਤੇ ਸੁਖਮੀਤ ਸਿੰਘ ਦੀ ਟੀਮ ਨੇ ਛੇ ਮਿੰਟ 33.661 ਸੈਕਿੰਡ ਦਾ ਸਮਾਂ ਲਿਆ। ਜਸਵੀਰ ਸਿੰਘ, ਪੁਨੀਤ ਕੁਮਾਰ, ਗੁਰਮੀਤ ਸਿੰਘ ਅਤੇ ਚਰਨਜੀਤ ਸਿੰਘ ਨੇ ਪੁਰਸ਼ ਕੌਕਸਲੈਸ ਫੋਰ ਫਾਈਨਲ ਵਿੱਚ ਛੇ ਮਿੰਟ 51.661 ਸੈਕਿੰਡ ਦਾ ਸਮਾਂ ਕੱਢ ਕੇ ਦੂਸਰਾ ਸਥਾਨ ਹਾਸਲ ਕੀਤਾ। -ਪੀਟੀਆਈ