ਡੌਂਗਹੇ (ਦੱਖਣੀ ਕੋਰੀਆ): ਡਰੈਗ ਫਲਿਕਰ ਗੁਰਜੀਤ ਕੌਰ ਦੇ ਪੰਜ ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਆਪਣੇ ਪਲੇਠੇ ਮੈਚ ਵਿੱਚ ਥਾਈਲੈਂਡ ਨੂੰ 13-0 ਨਾਲ ਕਰਾਰ ਸ਼ਿਕਸਤ ਦਿੱਤੀ। ਗੁਰਜੀਤ ਨੇ ਮੈਚ ਦੇ ਦੂਜੇ ਮਿੰਟ ਵਿੱਚ ਹੀ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲਿਆ, ਜਦਕਿ ਵੰਦਨਾ ਕਟਾਰੀਆ ਨੇ ਪੰਜ ਮਿੰਟ ਮਗਰੋਂ ਦੂਜਾ ਗੋਲ ਦਾਗ਼ ਦਿੱਤਾ। ਪਹਿਲਾ ਕੁਆਰਟਰ ਖ਼ਤਮ ਹੋਣ ਤੱਕ ਲਿਲਿਮਾ ਮਿੰਜ ਨੇ 14ਵੇਂ ਮਿੰਟ ਵਿੱਚ ਭਾਰਤ ਲਈ ਤੀਸਰਾ ਗੋਲ ਕੀਤਾ, ਜਦਕਿ ਗੁਰਜੀਤ ਤੇ ਜੋਤੀ ਨੇ 14ਵੇਂ ਤੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਸਕੋਰ 5-0 ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ ਵਿੱਚ ਵੀ ਦਬਦਬਾ ਬਣਾਈ ਰੱਖਿਆ। ਕੌਮਾਂਤਰੀ ਹਾਕੀ ਵਿੱਚ ਪਹਿਲੀ ਵਾਰ ਖੇਡ ਰਹੀ ਰਾਜਵਿੰਦਰ ਕੌਰ ਨੇ 16ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ ਤਾਂ ਗੁਰਜੀਤ ਨੇ 24ਵੇਂ ਮਿੰਟ ਵਿੱਚ ਆਪਣੀ ਗੋਲਾਂ ਦੀ ਹੈਟ੍ਰਿਕ ਲਾਈ। ਫਿਰ ਲਿਲਿਮਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਗੁਰਜੀਤ ਨੇ 25ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ, ਜਿਸ ਨਾਲ ਭਾਰਤ ਹਾਫ਼ ਤੱਕ 9-0 ਨਾਲ ਅੱਗੇ ਹੋ ਗਿਆ। ਭਾਰਤ ਨੇ ਇਸ ਤੋਂ ਬਾਅਦ ਵੀ ਥਾਈਲੈਂਡ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਲਗਾਤਾਰ ਹਮਲੇ ਜਾਰੀ ਰੱਖੇ। ਜੋਤੀ ਨੇ 36ਵੇਂ ਮਿੰਟ ਵਿੱਚ ਭਾਰਤ ਦੇ ਖਾਤੇ ਦਸਵਾਂ ਗੋਲ ਪਾਇਆ, ਜਦਕਿ ਸੋਨਿਕਾ ਨੇ 43ਵੇਂ ਮਿੰਟ ਵਿੱਚ ਮੈਚ ਦਾ ਆਪਣਾ ਪਹਿਲਾ ਗੋਲ ਦਾਗ਼ਿਆ। ਚੌਥੇ ਕੁਆਰਟਰ ਵਿੱਚ ਭਾਰਤ ਦਾ ਹਮਲਾਵਰ ਰੁਖ਼ ਜਾਰੀ ਰਿਹਾ। ਥਾਈਲੈਂਡ ਨੇ ਹਾਲਾਂਕਿ ਇਸ ਦੌਰਾਨ ਕੁੱਝ ਚੰਗੇ ਬਚਾਅ ਕੀਤੇ। -ਪੀਟੀਆਈ