ਬਰਮਿੰਘਮ: ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਮਹਿਲਾ ਜੋੜੀ ਅੱਜ ਇੱਥੇ ਨੈਦਰਲੈਂਡਜ਼ ਦੀ ਸੈਲੇਨਾ ਪੀਕ ਅਤੇ ਚੈਰਿਲ ਸਾਇਨਨ ਤੋਂ ਹਾਰ ਕੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਈ ਹੈ। 39 ਮਿੰਟ ਤੱਕ ਚੱਲੇ ਮੈਚ ਵਿੱਚ ਨੀਦਰਲੈਂਡਜ਼ ਦੀ ਜੋੜੀ ਨੇ ਭਾਰਤੀ ਜੋੜੀ ਨੂੰ 22-24, 12-21 ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਲਕਸ਼ੈ ਸੈਨ ਵੀ ਪੁਰਸ਼ ਸਿੰਗਲਜ਼ ਵਿੱਚ ਨੈਦਰਲੈਂਡਜ਼ ਦੇ ਮਾਰਕ ਸੀ. ਕੋਲੋਂ 17-21, 21-16, 17-21 ਨਾਲ ਹਾਰ ਗਿਆ। ਪੁਰਸ਼ ਡਬਲਜ਼ ਵਿੱਚ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਡੈਨਮਾਰਕ ਦੇ ਖਿਡਾਰੀਆਂ ਤੋਂ ਹਾਰ ਗਈ ਸੀ। ਪੁਰਸ਼ ਸਿੰਗਲਜ਼ ਵਿੱਚ ਸਮੀਰ ਵਰਮਾ ਵੀ ਦੂਸਰੇ ਗੇੜ ਵਿੱਚ ਅੱਗੇ ਨਹੀਂ ਵਧ ਸਕਿਆ ਅਤੇ ਧਰੁਵ ਕਪਿਲਾ ਅਤੇ ਮੇਘਨਾ ਜੱਕਾਮਪੁਡੀ ਦੀ ਜੋੜੀ ਵੀ ਮਿਕਸਡ ਡਬਲਜ਼ ਵਿੱਚ ਹਾਰ ਗਈ।
-ਪੀਟੀਆਈ