ਗਿੱਦੜਬਾਹਾ: ਬੀਤੀ 1 ਤੋਂ 3 ਫਰਵਰੀ ਤੱਕ ਦਸਮੇਸ਼ ਗਰਲਜ਼ ਕਾਲਜ ਬਾਦਲ ਵਿੱਚ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਡਿਪਸ ਸ਼ੂਟਿੰਗ ਅਕੈਡਮੀ ਮਲੋਟ ਦੀ ਆਸ਼ਿਤਾ ਪੁੱਤਰੀ ਜਸਪਾਲ ਸਿੰਘ ਬਰਾੜ ਨੇ ਗੋਲਡ ਮੈਡਲ ਹਾਸਲ ਕੀਤਾ। ਆਸ਼ਿਤਾ ਦੀ ਮਾਤਾ ਗੀਤਾ ਬਰਾੜ ਨੇ ਦੱਸਿਆ ਕਿ ਆਸ਼ਿਤਾ ਪਿਛਲੇ ਕਰੀਬ 10 ਮਹੀਨੇ ਤੋਂ ਮਲੋਟ ਦੀ ਡਿਪਸ ਸ਼ੂਟਿੰਗ ਅਕੈਡਮੀ ਤੋਂ ਕੋਚ ਹਿੰਮਤ ਸਿੰਘ ਦੇਸਵਾਲ ਪਾਸੋਂ ਸਿਖਲਾਈ ਲੈ ਰਹੀ ਸੀ। ਆਸ਼ਿਤਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਉਨ੍ਹਾ ਦੀ ਅਕੈਡਮੀ ਦੇ 20 ਤੇ ਕੁੱਲ 300 ਖਿਡਾਰੀਆਂ ਨੇ ਹਿੱਸਾ ਲਿਆ। -ਪੱਤਰ ਪ੍ਰੇਰਕ
ਬਠਿੰਡਾ: ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਬਠਿੰਡਾ ਵੱਲੋਂ ਪਿੰਡ ਬਾਦਲ ਵਿੱਚ ਕਰਵਾਏ ਗਏ ਪਿਸਟਲ ਮੁਕਾਬਲਿਆਂ ਵਿਚ ਮਿਲੇਨੀਅਮ ਸਕੂਲ ਬਠਿੰਡਾ ਦੇ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਏਅਰ ਪਿਸਟਲ 10 ਮੀਟਰ ਸ਼ੂਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਮੈਡਲ ਪ੍ਰਾਪਤ ਕੀਤਾ ਹੈ। ਅਰਮਾਨ ਨੇ ਦੱਸਿਆ ਕਿ ਉਸ ਨੇ ਜੁਝਾਰ ਸਿੰਘ ਨਗਰ ਵਿੱਚ ਸਥਾਪਿਤ ਕਰਮ ਸ਼ੂਟਿੰਗ ਰੇਂਜ ਤੋਂ ਕੋਚਿੰਗ ਲਈ ਹੈ। ਉੱਭਰਦੇ ਸ਼ੂਟਰ ਦੇ ਪਿਤਾ ਨਿਰਮਲ ਸਿੰਘ ਬਰਾੜ ਨੇ ਕੋਚ ਤੇ ਅਕੈਡਮੀ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ
ਕਿਸਾਨ ਸੰਘਰਸ਼ ਦੇ ਹੱਕ ’ਚ ਚਾਰ ਪੰਚਾਂ ਵੱਲੋਂ ਅਸਤੀਫ਼ਾ
ਕਾਲਾਂਵਾਲੀ: ਖੇਤਰ ਦੇ ਪਿੰਡ ਖੋਖਰ ਦੇ ਚਾਰ ਪੰਚਾਂ ਨੇ ਕਿਸਾਨਾਂ ਅੰਦੋਲਨ ਦੇ ਹੱਕ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਚਾਂ ਨੇ ਅੱਜ ਬਲਾਕ ਸਮਿਤੀ ਔਢਾਂ ਦੇ ਸਮਾਜ ਸਿੱਖਿਆ ਅਤੇ ਪੰਚਾਇਤ ਅਧਿਕਾਰੀ ਉਮੇਦ ਕੁਮਾਰ ਨੂੰ ਬਿਆਨ ਹਲਫੀਆ ਦੇ ਕੇ ਆਪਣਾ ਅਸਤੀਫਾ ਸੌਂਪਿਆ। ਇਸ ਮੌਕੇ ਵਾਰਡ ਨੰਬਰ ਦੋ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਵਾਰਡ ਨੰਬਰ ਪੰਜ ਦੇ ਜੀਵਨ ਸਿੰਘ, ਵਾਰਡ ਨੰਬਰ ਛੇ ਦੇ ਸੁਖਪਾਲ ਸਿੰਘ ਅਤੇ ਵਾਰਡ ਨੰਬਰ ਸੱਤ ਦੀ ਮਲਕੀਤ ਕੌਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਸਤੀਫ਼ਾ ਦੇ ਰਹੇ ਹਨ। -ਪੱਤਰ ਪ੍ਰੇਰਕ