ਮੈਲਬਰਨ, 26 ਦਸੰਬਰ
ਕਪਤਾਨ ਪੈਟ ਕਮਿਨਸ ਅਤੇ ਸਪਿੰਨਰ ਨਾਥਨ ਲਿਓਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਆਸਟਰੇਲੀਆ ਨੇ ਇੰਗਲੈਂਡ ਨੂੰ ਤੀਜੇ ਐਸ਼ੇਜ਼ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਅੱਜ ਇੱਥੇ ਪਹਿਲੀ ਪਾਰੀ ਵਿੱਚ 185 ਦੌੜਾਂ ’ਤੇ ਆਊਟ ਕਰ ਦਿੱਤਾ। ਆਸਟਰੇਲੀਆ ਨੇ ਇਸ ਦੇ ਜਵਾਬ ਵਿੱਚ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੱਕ ਵਿਕਟ ਗੁਆ ਕੇ 61 ਦੌੜਾਂ ਬਣਾਈਆਂ ਹਨ। ਉਹ ਇੰਗਲੈਂਡ ਤੋਂ 124 ਦੌੜਾਂ ਪਿੱਛੇ ਹੈ। ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 38 ਦੌੜਾਂ ਬਣਾਈਆਂ। ਦੂਜਾ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ 20 ਦੌੜਾਂ ’ਤੇ ਖੇਡ ਰਿਹਾ ਹੈ, ਜਦੋਂਕਿ ਨਾਈਟਵਾਚਮੈਨ ਲਿਓਨ ਨੇ ਹਾਲੇ ਖਾਤਾ ਖੋਲ੍ਹਣਾ ਹੈ। ਇਸ ਤੋਂ ਪਹਿਲਾਂ ਕਮਿਨਸ ਤੇ ਲਿਓਨ ਨੇ ਇੰਗਲੈਂਡ ਦੀਆਂ ਤਿੰਨ-ਤਿੰਨ ਵਿਕਟਾਂ ਲਈਆਂ ਸਨ। ਮਿਸ਼ੇਲ ਸਟਾਰਕ ਨੇ 54 ਦੌੜਾਂ ਦੇ ਕੇ ਦੋ, ਜਦਕਿ ਕੈਮਰਨ ਗ੍ਰੀਨ ਅਤੇ ਸਕਾਟ ਬੋਲੈਂਡ ਨੇ ਇੱਕ-ਇੱਕ ਵਿਕਟ ਝਟਕਾਈ। ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਲੰਚ ਤੱਕ ਉਸ ਨੇ ਤਿੰਨ ਵਿਕਟਾਂ ਗੁਆ ਕੇ 61 ਦੌੜਾਂ ਬਦਾਈਆਂ ਸਨ। ਇਸ ਮਗਰੋਂ ਇੰਗਲੈਂਡ ਨੇ ਦੂਜੇ ਸੈਸ਼ਨ ਵਿੱਚ ਤਿੰਨ ਵਿਕਟਾਂ ਗੁਆ ਲਈਆਂ ਸਨ, ਜਿਸ ਵਿੱਚ ਜੋਅ ਰੂਟ (50) ਅਤੇ ਬੇਨ ਸਟੋਕਸ (25) ਦੀਆਂ ਵਿਕਟਾਂ ਵੀ ਸ਼ਾਮਲ ਹਨ। ਆਸਟਰੇਲੀਆ ਪੰਜ ਮੈਚਾਂ ਦੀ ਲੜੀ ਵਿੱਚ ਹਾਲੇ 2-0 ਨਾਲ ਅੱਗੇ ਚੱਲ ਰਿਹਾ ਹੈ। -ਏਪੀ