ਲੰਡਨ, 30 ਜੂਨ
ਆਸਟਰੇਲੀਆ ਨੇ ਐਸ਼ੇਜ਼ ਲੜੀ ਦੇ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਅੱਜ ਇੱਥੇ ਇੰਗਲੈਂਡ ਦੀ ਪਹਿਲੀ ਪਾਰੀ ਨੂੰ 325 ਦੌੜਾਂ ’ਤੇ ਆਊਟ ਕਰਨ ਮਗਰੋਂ ਮੇਜ਼ਬਾਨ ਟੀਮ ਖ਼ਿਲਾਫ਼ 221 ਦੌੜਾਂ ਦੀ ਲੀਡ ਬਣਾ ਲਈ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 416 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ ’ਤੇ 278 ਦੌੜਾਂ ਨਾਲ ਕੀਤੀ ਸੀ। ਕਪਤਾਨ ਪੈਟ ਕਮਿਨਸ ਨੇ ਜੋਸ਼ ਟੰਗ (ਇੱਕ ਦੌੜ) ਦੀ ਵਿਕਟ ਲੈ ਕੇ ਇੰਗਲੈਂਡ ਦੀ ਪਾਰੀ ਨੂੰ 325 ਦੌੜਾਂ ’ਤੇ ਸਮੇਟ ਦਿੱਤਾ। ਇਸ ਤਰ੍ਹਾਂ ਆਸਟਰੇਲੀਆ ਨੂੰ ਪਹਿਲੀ ਪਾਰੀ ਵਿੱਚ 91 ਦੌੜਾਂ ਦੀ ਲੀਡ ਮਿਲ ਗਈ। ਆਸਟਰੇਲੀਆ ਨੇ ਦੂਜੀ ਪਾਰੀ ਵਿੱਚ 45.4 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 130 ਦੌੜਾਂ ਬਣਾ ਲਈਆਂ ਹਨ। ਇਸ ਮਗਰੋਂ ਮੀਂਹ ਸ਼ੁਰੂ ਹੋਣ ਕਾਰਨ ਮੈਚ ਰੋਕਣਾ ਪਿਆ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਡੇਵਿਡ ਵਾਰਨਰ (25) ਤੇ ਮਾਰਨਸ ਲਾਬੂਸ਼ੇਨ (30) ਵਜੋਂ ਆਪਣੀਆਂ ਦੋ ਵਿਕਟਾਂ ਗੁਆ ਲਈਆਂ ਸਨ। ਉਸਮਾਨ ਖਵਾਜਾ (58 ਦੌੜਾਂ) ਤੇ ਸਟੀਵ ਸਮਿੱਥ (ਛੇ) ਮੈਦਾਨ ’ਤੇ ਡਟੇ ਹੋਏ ਹਨ। -ਪੀਟੀਆਈ