ਸ਼ੰਘਾਈ, 20 ਮਈ
ਭਾਰਤ ਦੇ ਤੀਰਅੰਦਾਜ਼ ਪ੍ਰਥਮੇਸ਼ ਜਾਵਕਰ ਨੇ ਅੱਜ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ ਕੰਪਾਊਂਡ ਮੁਕਾਬਲੇ ਵਿੱਚ ਦੁਨੀਆ ਦੇ ਅੱਵਲ ਦਰਜੇ ਦੇ ਖਿਡਾਰੀ ਨੈਦਰਲੈਂਡਜ਼ ਦੇ ਮਾਈਕ ਸ਼ਲੋਏਸਰ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। 19 ਸਾਲਾ ਤੀਰਅੰਦਾਜ਼ ਨੇ ਮਾਈਕ ਨੂੰ 149-148 ਨਾਲ ਹਰਾਇਆ। ਇਸੇ ਤਰ੍ਹਾਂ ਓਜਸ ਦਿਓਤਲੇ ਅਤੇ ਜਯੋਤੀ ਸੁਰੇਖਾ ਵੇਨਮ ਦੀ ਭਾਰਤ ਦੀ ਮਿਕਸਡ ਟੀਮ ਜੋੜੀ ਨੇ ਵੀ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਕੋਰੀਆ ਦੀ ਮਜ਼ਬੂਤ ਟੀਮ ਨੂੰ ਹਰਾ ਕੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਆਪਣਾ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਿਆ। ਭਾਰਤ ਦੀ ਇਸ ਜੋੜੀ ਨੇ ਅੰਤਾਲਿਆ ਵਿੱਚ ਵਿਸ਼ਵ ਕੱਪ ਦੇ ਪਹਿਲੇ ਗੇੜ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ ਦੂਜੇ ਗੇੜ ਵਿੱਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸਿਖਰਲਾ ਦਰਜਾ ਪ੍ਰਾਪਤ ਕੋਰੀਆ ਦੀ ਜੋੜੀ ਨੂੰ 156-155 ਨਾਲ ਹਰਾਇਆ। ਭਾਰਤੀ ਜੋੜੀ ਅਤੇ ਕੋਰੀਆ ਦੀ ਜੋੜੀ ਕਿਮ ਜੋਂਗਹੋ ਅਤੇ ਓ ਯੂਹਯੁਨ ਨੇ ਪਹਿਲੇ ਤਿੰਨ ਗੇੜਾਂ ਵਿੱਚ ਇੱਕੋ ਜਿਹੇ 39 ਅੰਕ ਬਣਾਏ। ਚੌਥੇ ਅਤੇ ਆਖ਼ਰੀ ਗੇੜ ਵਿੱਚ ਕੋਰੀਆ ਦੀ ਟੀਮ ਦਬਾਅ ਵਿੱਚ ਆ ਗਈ ਅਤੇ ਸਿਰਫ 38 ਅੰਕ ਹੀ ਬਣਾ ਸਕੀ ਜਦਕਿ ਭਾਰਤੀ ਜੋੜੀ ਨੇ ਮੁੜ 39 ਅੰਕ ਬਣਾ ਕੇ ਲਗਾਤਾਰ ਦੂਜਾ ਸੋਨ ਤਗਮਾ ਜਿੱਤਿਆ। -ਪੀਟੀਆਈ