ਪੈਰਿਸ: ਸਾਬਕਾ ਵਿਸ਼ਵ ਚੈਂਪੀਅਨ ਦੀਪਿਕਾ ਕੁਮਾਰੀ ਦੀ ਅਗਵਾਈ ਹੇਠ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ 20 ਜੂਨ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਕੁਆਲੀਫਿਕੇਸ਼ਨ ਦੇ ਫਾਈਨਲ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਅੱਜ ਇੱਥੇ ਪਹੁੰਚ ਗਈ ਹੈ। 23 ਜੁਲਾਈ ਨੂੰ ਸ਼ੁਰੂ ਹੋਏ ਵਾਲੇ ਓਲੰਪਿਕ ਵਿੱਚ ਜਗ੍ਹਾ ਬਣਾਉਣ ਲਈ ਦੀਪਿਕਾ, ਅੰਕਿਤਾ ਅਤੇ ਕਮੋਲਿਕਾ ਬਾਰੀ ਨੂੰ ਪਹਿਲੇ ਤਿੰਨ ਸਥਾਨ ਹਾਸਲ ਕਰਨੇ ਜ਼ਰੂਰੀ ਹਨ। ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਅਧਿਕਾਰੀ ਗੁੰਜਨ ਅਬਰੋਲ ਨੇ ਦੱਸਿਆ, ‘‘ਭਾਰਤੀ ਮਹਿਲਾ ਤੀਰਅੰਦਾਜ਼ 10 ਦਿਨ ਲਈ ਇਕਾਂਤਵਾਸ ਹਨ। ਓਲੰਪਿਕ ਕੁਆਲੀਫਾਇਰਜ਼ ਕਾਰਨ ਉਨ੍ਹਾਂ ਨੂੰ ਪੁਰਸ਼ਾਂ ਦੀ ਟੀਮ ਤੋਂ ਪਹਿਲਾਂ ਆਉਣਾ ਪਿਆ।’’ ਜਾਣਕਾਰੀ ਅਨੁਸਾਰ ਪੁਰਸ਼ ਟੀਮ ਨੇ 2019 ਵਿਸ਼ਵ ਚੈਂਪੀਅਨਸ਼ਿਪ ਦੌਰਾਨ ਹੀ ਓਲੰਪਿਕ ਵਿੱਚ ਜਗ੍ਹਾ ਪੱਕੀ ਕਰ ਲਈ ਸੀ। ਕੁਆਲੀਫਾਇੰਗ ਮੁਕਾਬਲੇ ਦੇ ਇੱਕ ਹਫ਼ਤੇ ਮਗਰੋਂ ਦੋਹੇਂ ਟੀਮਾਂ ਵਿਸ਼ਵ ਕੱਪ ਦੇ ਤੀਸਰੇ ਗੇੜ ਵਿੱਚ ਹਿੱਸਾ ਲੈਣਗੀਆਂ। -ਪੀਟੀਆਈ