ਟੋਕੀਓ, 28 ਜੁਲਾਈ
ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਅੱਜ ਆਸ ਮੁਤਾਬਕ ਪ੍ਰਦਰਸ਼ਨ ਕਰਦਿਆਂ ਓਲੰਪਿਕ ਤੀਰਅੰਦਾਜ਼ੀ ਦੇ ਮਹਿਲਾ ਸਿੰਗਲਜ਼ ਮੁਕਾਬਲਿਆਂ ਦੇ ਤੀਜੇ ਦੌਰ ’ਚ ਥਾਂ ਬਣਾ ਲਈ ਹੈ, ਜਦਕਿ ਪੁਰਸ਼ਾਂ ’ਚ ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਦੂਜੇ ਦੌਰ ’ਚੋਂ ਹੀ ਹਾਰ ਕੇ ਬਾਹਰ ਹੋ ਗਏ।
ਵਿਸ਼ਵ ਦੀ ਅੱਵਲ ਦਰਜਾ ਪ੍ਰਾਪਤ ਦੀਪਿਕਾ ਨੂੰ ਯੂਮੇਨੋਸ਼ੀਮਾ ਪਾਰਕ ’ਚ ਚੱਲਦੀਆਂ ਹਵਾਵਾਂ ਨਾਲ ਤਾਲਮੇਲ ਬਿਠਾਉਣ ’ਚ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਉਸ ਨੇ ਮਹਿਲਾ ਰੀਕਰਵ ਵਿਅਕਤੀਗਤ ਵਰਗ ਦੇ ਪਹਿਲੇ ਦੌਰ ’ਚ ਭੂਟਾਨ ਦੀ ਕਰਮਾ ਨੂੰ 6-0 ਨਾਲ ਹਰਾਇਆ ਪਰ 24ਵਾਂ ਦਰਜਾ ਪ੍ਰਾਪਤ ਅਮਰੀਕੀ ਤੀਰਅੰਦਾਜ਼ ਜੈਨੀਫਰ ਮੁਸਿਨੋ ਫਰਨਾਂਡੇਜ਼ ਤੋਂ ਉਸ ਨੂੰ ਸਖ਼ਤ ਚੁਣੌਤੀ ਮਿਲੀ। ਦੀਪਿਕਾ ਨੇ ਮੁਸਿਨੋ ਨੂੰ 6-4 ਨਾਲ ਮਾਤ ਦਿੱਤੀ। ਓਲੰਪਿਕ ਖੇਡਾਂ ’ਚ ਵਿਅਕਤੀਗਤ ਮੁਕਾਬਲਿਆਂ ’ਚ ਦੀਪਿਕਾ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਨੇ ਜੈਨੀਫਰ ਖ਼ਿਲਾਫ਼ 7 ਅੰਕਾਂ ਨਾਲ ਸ਼ੁਰੂਆਤ ਕੀਤੀ। ਇਸ ਨਾਲ ਉਸ ਨੂੰ ਪਹਿਲਾ ਸੈੱਟ 25-26 ਅੰਕਾਂ ਨਾਲ ਗੁਆਉਣਾ ਪਿਆ, ਪਰ ਅਗਲੇ ਦੋ ਸੈੱਟ ਦੀਪਿਕਾ ਨੇ 28-25 ਅਤੇ 27-25 ਅੰਕਾਂ ਦੇ ਫਰਕ ਨਾਲ ਜਿੱਤ ਲਏ। ਚੌਥੇ ਸੈੱਟ ’ਚ ਜੈਨੀਫਰ 25-24 ਅੰਕਾਂ ਨਾਲ ਮੈਚ ਬਰਾਬਰੀ ’ਤੇ ਲੈ ਆਈ, ਪਰ ਦੀਪਿਕਾ ਨੇ ਪੰਜਵੇਂ ਸੈੱਟ ’ਚ ਜੈਨੀਫਰ ਦੀਆਂ ਗ਼ਲਤੀਆਂ ਦਾ ਫਾਇਦਾ ਚੁੱਕਦਿਆਂ 26-25 ਅੰਕਾਂ ਨਾਲ ਜਿੱਤ ਹਾਸਲ ਕਰਦਿਆਂ ਮੈਚ ਆਪਣੇ ਨਾਂ ਕਰ ਲਿਆ।
ਪੁਰਸ਼ਾਂ ਦੇ ਵਰਗ ’ਚ ਰਾਏ ਅਤੇ ਜਾਧਵ ਦੂਜੇ ਦੌਰ ’ਚੋਂ ਅੱਗੇ ਨਹੀਂ ਵੱਧ ਸਕੇ। ਰਾਏ ਨੂੰ ਆਪਣੇ ਤੋਂ ਘੱਟ ਦਰਜਾਬੰਦੀ ਵਾਲੇ ਇਜ਼ਰਾਇਲੀ ਖਿਡਾਰੀ ਇਤੇ ਸ਼ੈਨੀ ਤੋਂ ‘ਸ਼ੂਟ ਆਫ਼’ ਵਿੱਚ 5-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਜਾਧਵ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਮਰੀਕਾ ਦੇ ਬਰਾਡੀ ਐਲੀਸਨ ਤੋਂ 6-0 ਨਾਲ ਹਾਰ ਕੇ ਮੁਕਾਬਲੇ ’ਤੋਂ ਬਾਹਰ ਹੋ ਗਿਆ। ਦੀਪਿਕਾ ਦਾ ਪਤੀ ਅਤਨੂ ਦਾਸ ਪੁਰਸ਼ ਵਿਅਕਤੀਗਤ ਮੁਕਾਬਲਿਆਂ ’ਚ ਭਾਰਤ ਦੀ ਆਖਰੀ ਚੁਣੌਤੀ ਵਜੋਂ ਮੈਦਾਨ ’ਚ ਰਹਿ ਗਿਆ ਹੈ। -ਪੀਟੀਆਈ